ਸੇਫ ਸਕੂਲ ਵਾਹਨ ਪਾਲਿਸੀ ਤਹਿਤ ਕੀਤੀ ਗਈ ਸਕੂਲ ਬੱਸਾਂ ਦੀ ਚੈਕਿੰਗ
ਧੂਰੀ, 4 ਅਗਸਤ 2026 : ਪੰਜਾਬ ਦੇ ਜਿਲਾ ਸੰਗਰੂਰ (Sangrur District) ਦੇ ਸ਼ਹਿਰ ਧੂਰੀ ਵਿਖੇ ਬੀਤੇ ਦਿਨੀਂ ਸੇਫ ਸਕੂਲ ਵਾਹਨ ਪਾਲਿਸੀ (Safe School Vehicle Policy) ਤਹਿਤ ਸਕੂਲ ਬਸਾਂ ਦੀ ਚੈਕਿੰਗ ਕੀਤੀ ਗਈ ਹੈ ।
ਕਿੰਨੀਆਂ ਬਸਾਂ ਦੀ ਕੀਤੀ ਗਈ ਚੈਕਿੰਗ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਪਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਬੀਤੇ ਦਿਨੀਂ ਜੋ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਧੂਰੀ ਵਿਖੇ ਸਕੂਲ ਬੱਸਾਂ ਦੀ ਵਿਸ਼ੇਸ਼ ਚੈਕਿੰਗ (Checking of buses) ਕੀਤੀ ਗਈ ਹੈ ਦੌਰਾਨ ਟ੍ਰੈਫਿਕ ਇੰਚਾਰਜ ਸੰਜੇ ਕੁਮਾਰ, ਸਿੱਖਿਆ ਵਿਭਾਗ ਤੋਂ ਇੰਦਰਜੀਤ ਸਿੰਘ ਅਤੇ ਜਿਲ੍ਹਾ ਬਾਲ ਸੁਰੱਖਿਆ ਦਫ਼ਤਰ, ਸੰਗਰੂਰ ਤੋਂ ਅਮਨਦੀਪ ਸਿੰਘ ਵੱਲੋਂ ਸਾਂਝੇ ਤੌਰ `ਤੇ ਕੁੱਲ 8 ਸਕੂਲ ਬੱਸਾਂ ਦੀ ਜਾਂਚ ਕੀਤੀ ਗਈ ।
ਨਿਯਮਾਂ ਦੀ ਉਲੰਘਣਾ ਕਰਨ `ਤੇ 2 ਚਲਾਨ
ਚੈਕਿੰਗ ਦੌਰਾਨ ਦੋ ਬੱਸਾਂ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਪਾਈ ਗਈ । ਇੱਕ ਬੱਸ ਵਿੱਚ ਫਸਟ ਏਡ (ਮੈਡੀਕਲ) ਕਿੱਟ ਦੀ ਘਾਟ ਅਤੇ ਦੂਜੀ ਬੱਸ ਵਿੱਚ ਡਰਾਈਵਰ ਵੱਲੋਂ ਨਿਰਧਾਰਿਤ ਵਰਦੀ ਨਾ ਪਹਿਨਣ ਦੀ ਕਮੀ ਪਾਈ ਗਈ । ਇਨ੍ਹਾਂ ਕਮੀਆਂ ਦੇ ਮੱਦੇਨਜ਼ਰ ਸਬੰਧਤ ਬੱਸਾਂ ਦੇ ਕੁੱਲ 2 ਚਲਾਨ ਕੀਤੇ ਗਏ । ਟੀਮ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਬੱਸ ਚਾਲਕਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਜਾਰੀ ਸਾਰੇ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ।
ਕੀ ਆਖਿਆ ਜਿਲਾ ਪ੍ਰੋਗਰਾਮ ਅਫਸਰ ਨੇ
ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀਆਂ ਚੈਕਿੰਗ ਮੁਹਿੰਮਾਂ (Checking campaigns) ਨਿਰੰਤਰ ਜਾਰੀ ਰਹਿਣਗੀਆਂ । ਉਨ੍ਹਾਂ ਨੂੰ ਕਿਹਾ ਗਿਆ ਕਿ ਬੱਸਾਂ ਵਿੱਚ ਫਸਟ ਏਡ ਕਿੱਟ, ਅੱਗ ਬੁਝਾਊ ਯੰਤਰ, ਲੋੜੀਂਦੇ ਦਸਤਾਵੇਜ਼ ਅਤੇ ਹੋਰ ਸੁਰੱਖਿਆ ਉਪਕਰਨ ਹਰ ਸਮੇਂ ਉਪਲਬਧ ਰੱਖੇ ਜਾਣ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾ ਸਕੇ ।
