post

Jasbeer Singh

(Chief Editor)

Punjab

ਸਕੂਲ ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਸਬੰਧੀ ਜਾਗਰੂਕਤਾ ਲਈ ਵਿਸ਼ੇਸ਼ ਉਪਰਾਲਾ

post-img

ਸਕੂਲ ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਸਬੰਧੀ ਜਾਗਰੂਕਤਾ ਲਈ ਵਿਸ਼ੇਸ਼ ਉਪਰਾਲਾ ਕੰਪਿਊਟਰ ਅਧਿਆਪਕਾਂ ਦੀ ਵਰਕਸ਼ਾਪ ਅਤੇ ਵਿਦਿਆਰਥੀਆਂ ਲਈ ਵਿਸ਼ੇਸ ਸੈਸ਼ਨ ਆਰੰਭੇ ਮਾਲੇਰਕੋਟਲਾ, 16 ਜਨਵਰੀ 2026 : ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਬੰਧੀ ਮੁੱਢਲੀ ਸਮਝ ਪ੍ਰਦਾਨ ਕਰਨ ਅਤੇ ਇਸਦੀ ਸੁਰੱਖਿਅਤ, ਜ਼ਿੰਮੇਵਾਰ ਅਤੇ ਸਮਝਦਾਰੀ ਨਾਲ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਕੜੀ ਦੇ ਪਹਿਲੇ ਪੜਾਅ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਵਿਖੇ ਕੰਪਿਊਟਰ ਅਧਿਆਪਕਾਂ ਦੀ ਵਿਸ਼ੇਸ ਵਰਕਸ਼ਾਪ ਕਰਵਾਈ ਗਈ । ਇਸ ਵਰਕਸ਼ਾਪ ਵਿੱਚ ਸਟੇਟ ਪੱਧਰ ‘ਤੇ ਪਹਿਲਾਂ ਹੀ ਵਰਕਸ਼ਾਪਾਂ ਲਗਾ ਚੁੱਕੇ ਵਿਸ਼ੇ ਦੇ ਮਾਹਰਾਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੂਲ ਅਸੂਲਾਂ, ਸਿੱਖਿਆ ਖੇਤਰ ਵਿੱਚ ਇਸਦੇ ਉਪਯੋਗ ਅਤੇ ਇਸਦੀ ਸੁਰੱਖਿਅਤ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਸਟੇਟ ਰਿਸੋਰਸ ਪਰਸਨ ਕੁਨਾਲ ਕਪੂਰ ਨੇ ਦੱਸਿਆ ਕਿ ਇਸ ਉਪਰਾਲੇ ਦੇ ਦੂਜੇ ਪੜਾਅ ਅਧੀਨ 6ਵੀਂ ਤੋਂ 9ਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਖਾਸ ਜਾਗਰੂਕਤਾ ਸੈਸ਼ਨ ਕਰਵਾਏ ਜਾਣਗੇ। ਇਨ੍ਹਾਂ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਬੁਨਿਆਦੀ ਜਾਣਕਾਰੀ, ਇਸਦੇ ਲਾਭ, ਸੰਭਾਵਨਾਵਾਂ ਅਤੇ ਇਸਦੀ ਜ਼ਿੰਮੇਵਾਰ ਵਰਤੋਂ ਸਬੰਧੀ ਸੂਚਿਤ ਕੀਤਾ ਜਾਵੇਗਾ । ਸਟੇਟ ਰਿਸੋਰਸ ਪਰਸ਼ਨ ਦਵਿੰਦਰ ਸਿੰਘ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇਹ ਵਿਸ਼ੇਸ ਵਰਕਸ਼ਾਪ ਆਯੋਜਿਤ ਕਰਨ ਦਾ ਮਕਸਦ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਤਕਨਾਲੋਜੀ ਪ੍ਰਤੀ ਸਹੀ ਦ੍ਰਿਸ਼ਟੀਕੋਣ ਵਿਕਸਿਤ ਕਰਨਾ ਹੈ ਤਾਂ ਜੋ ਉਹ ਡਿਜ਼ੀਟਲ ਯੁੱਗ ਦੀਆਂ ਚੁਣੌਤੀਆਂ ਦਾ ਸਮਝਦਾਰੀ ਨਾਲ ਸਾਹਮਣਾ ਕਰਨ ਯੋਗ ਹੋ ਸਕਣ । ਜ਼ਿਲਾ ਰਿਸੋਰਸ ਪਰਸਨ ਮਨਪ੍ਰੀਤ ਕੌਰ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ AI ਸਿੱਖਣ ਦੀ ਪ੍ਰਕਿਰਿਆ ਨੂੰ ਵਿਦਿਆਰਥੀ-ਕੇਂਦਰਿਤ ਬਣਾਉਂਦੀ ਹੈ, ਜਿੱਥੇ ਹਰ ਵਿਦਿਆਰਥੀ ਦੀ ਸਮਰੱਥਾ ਅਨੁਸਾਰ ਸਿੱਖਣ ਦੇ ਮੌਕੇ ਮਿਲਦੇ ਹਨ ਅਤੇ ਨਾਲ ਹੀ ਇਹ ਅਧਿਆਪਕਾਂ ਨੂੰ ਪਾਠਨ ਦੀ ਯੋਜਨਾ ਬਣਾਉਣ, ਮੁਲਾਂਕਣ ਕਰਨ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਸਮਝ ਪੈਦਾ ਕਰਨ ਦੇ ਸਮਰਥ ਬਣਾਉਣ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ ਜੇਕਰ ਇਸਦਾ ਸਹੀ ਤਰੀਕੇ ਨਾਲ ਉਪਯੋਗ ਕੀਤਾ ਜਾ ਸਕੇ । ਉਨ੍ਹਾਂ ਹੋਰ ਕਿਹਾ ਕਿ ਏ।ਆਈ ਟੂਲ ਦੀ ਵਰਤੋਂ ਕਰ ਕੇ ਅਸੀਂ ਕਿਸੇ ਵੀ ਵਿਸ਼ੇ ਸਬੰਧੀ ਜਾਣਕਾਰੀ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰ ਸਕਦੇ ਹਾਂ । ਇਸ ਮੌਕੇ ਜਿਲਾ ਰਿਸੋਰਸ ਪਰਸ਼ਨ ਤਨਵੀਰ ਇਖਲਾਕ, ਅਮਰਜੀਤ ਸਿੰਘ, ਰੌਬਿਨ ਸ਼ਰਮ ਅਤੇ ਜ਼ਿਲੇ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਸਰਕਾਰੀ ਹਾਈ ਸਕੂਲ ਦੇ ਕੰਪਿਊਟਰ ਅਧਿਆਪਕ ਹਾਜਰ ਸਨ ।

Related Post

Instagram