ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ
- by Jasbeer Singh
- November 24, 2025
ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ ਇਸਲਾਮਾਬਾਦ, 24 ਨਵੰਬਰ 2025 : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਵਿੱਚ ਫੈਡਰਲ ਕਾਂਸਟੇਬੁਲਰੀ (ਐਫ. ਸੀ.) ਮੁੱਖ ਦਫ਼ਤਰ `ਤੇ ਆਤਮਘਾਤੀ ਅੱਤਵਾਦੀ ਹਮਲਾ ਹੋਇਆ । ਪੇਸ਼ਾਵਰ ਦੇ ਕੈਪੀਟਲ ਸਿਟੀ ਪੁਲਿਸ ਅਧਿਕਾਰੀ ਡਾ. ਮੀਆਂ ਸਈਦ ਅਹਿਮਦ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ । ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ਨਾਲ ਸੁਰੱਖਿਆ ਬਲਾਂ ਨੂੰ ਤੁਰੰਤ ਜਵਾਬੀ ਕਾਰਵਾਈ ਕਰਨੀ ਪਈ । ਪਾਕਿਸਤਾਨੀ ਫੌਜ ਨੇ ਕੀਤੀ ਤਿੰਨ ਸੈਨਿਕਾਂ ਦੀ ਮੌਤ ਤੇ ਪੰਜ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਪਾਕਿਸਤਾਨੀ ਫੌਜ ਨੇ 3 ਸੈਨਿਕਾਂ ਦੀ ਮੌਤ ਅਤੇ ਪੰਜ ਹੋਰਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ । ਆਤਮਘਾਤੀ ਹਮਲੇ ਦੌਰਾਨ ਤਿੰਨ ਅੱਤਵਾਦੀ ਵੀ ਮਾਰੇ ਗਏ ਹਨ। ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਸੁਰੱਖਿਆ ਫੋਰਸ ਨੂੰ ਤਾਇਨਾਤ ਕਰਕੇ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ । ਪੁਲਸ ਅਤੇ ਰੈਪਿਡ ਰਿਐਕਸ਼ਨ ਫੋਰਸ ਦੀਆਂ ਟੀਮਾਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ । ਸੁਰੱਖਿਆ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਆਤਮਘਾਤੀ ਹਮਲਾਵਰ ਨੇ ਐਫਸੀ ਹੈੱਡਕੁਆਰਟਰ ਦੇ ਗੇਟ `ਤੇ ਆਪਣੇ ਆਪ ਨੂੰ ਉਡਾ ਲਿਆ ।
