
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
- by Jasbeer Singh
- June 12, 2025

ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਧਰਮ ਦੇ ਇਤਿਹਾਸ ਵਿਚ ਮੀਰੀ-ਪੀਰੀ ਦਾ ਸਿਧਾਂਤ ਵਿਲੱਖਣਤਾ ਦਾ ਪ੍ਰਤੀਕ : ਪ੍ਰੋ. ਬਡੂੰਗਰ ਪਟਿਆਲਾ 12 ਜੂਨ () ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਵਿਖੇ ਮੱਥਾ ਟੇਕ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ। ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਗੁਰੂ ਸਾਹਿਬ ਦੇ ਗੁਰਪੁਰਬ ਸਬੰਧੀ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਮਾਨਵਤਾ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਹਜ਼ੂਰੀ ਰਾਗੀ ਕੀਰਤਨੀ ਜਥਿਆਂ ਨੇ਼ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਦੀਵਾਨ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਪੁੱਤਰ ਦੀ ਦਾਤ ਛੇਵੇਂ ਪਾਤਸ਼ਾਹ ਦੇ ਰੂਪ ਵਿਚ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਆਪਣੇ ਜੀਵਨ ਦੌਰਾਨ ਚਾਰ ਦੇ ਕਰੀਬ ਅਜਿਹੀਆਂ ਜੰਗਾਂ ਵੀ ਲੜੀਆਂ, ਜੋ ਜਬਰ ਤੇ ਜ਼ੁਲਮ ਦੇ ਖਿਲਾਫ਼ ਜਿੱਤ ਦਾ ਪ੍ਰਤੀਕ ਵੀ ਹਨ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਮੀਰੀ ਪੀਰੀ ਦਾ ਵਿਲੱਖਣ ਸਿਧਾਂਤ ਦੇ ਕੇ ਉਨ੍ਹਾਂ ਸਾਰੀਆਂ ਪਾਬੰਦੀਆਂ ਨੂੰ ਵੀ ਤੋੜਿਆ, ਜਿਸ ਕਰਕੇ ਗੁਰੂ ਸਾਹਿਬ ਨੂੰ ਬੰਦੀ ਛੋੜ ਦਾਤਾ ਵੀ ਆਖਿਆ ਜਾਂਦਾ ਹੈ। ਪ੍ਰੋ. ਬਡੂੰਗਰ ਨੇ ਭਗਤ ਕਬੀਰ ਜੀ ਦੇ ਜੀਵਨ ਬਾਬਤ ਵੀ ਇਤਿਹਾਸ ਦੀ ਰੌਸ਼ਨੀ ਵਿਚ ਜਾਣੂੰ ਕਰਵਾਇਆ ਕਿ ਉਸ ਸਮੇਂ ਦੇ ਕਾਲ ਦੌਰਾਨ ਵਿਵਸਥਾ ਪਰਿਵਰਤਨ ’ਤੇ ਵੱਡੀ ਚੋਟ ਕੀਤੀ ਸੀ ਅੱਜ ਬਹੁਤ ਸਾਰੇ ਹਾਕਮ ਭਗਤ ਕਬੀਰ ਦੇ ਜੀਵਨ ਇਤਿਹਾਸ ਨੂੰ ਤੌੜ ਮਰੋੜ ਕੇ ਪੇਸ਼ ਕਰ ਰਹੇ ਹਨ, ਜਦਕਿ ਭਗਤ ਕਬੀਰ ਜੀ ਨੇ ਸਮਾਜਕ ਬਰਾਬਰੀ, ਜਾਤ ਪਾਤ ਊਚ ਨੀਚ ਵਰਗੀ ਬੁਰਾਈ ਅਤੇ ਅਜਿਹੀ ਚੋਟ ਕੀਤੀ ਸੀ, ਜਿਸ ਨਾਲ ਮਨੁੱਖਤਾ ਨੂੰ ਜੀਵਨ ਜਾਂਚ ਵਿਚ ਬਰਾਬਰੀ ਦਾ ਹੱਕ ਮਿਲਿਆ ਅਤੇ ਸਮਾਜ ਨੂੰ ਅਜਿਹੇ ਬੰਧਨਾਂ ਤੋਂ ਮੁਕਤ ਕੀਤਾ, ਜਿਸ ਨਾਲ ਨਰੋਏ ਸਮਾਜ ਦੀ ਸਿਰਜਣਾ ਦਾ ਸਿਧਾਂਤ ਪ੍ਰਗਟ ਹੋਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਨੇਜਰ ਭਾਗ ਸਿੰਘ ਵੱਲੋਂ ਪੁੱਜੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਗਿਆ, ਉੱਥੇ ਹੀ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਿਰੋਪਾਉ ਵੀ ਭੇਂਟ ਕੀਤਾ ਗਿਆ। ਗੁਰਮਤਿ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ, ਸਾਬਕਾ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਹਜੂਰੀ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ਼, ਅਧਿਕਾਰੀ ਤੇ ਸੰਗਤਾਂ ਆਦਿ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.