

ਚਮੌਲੀ ਵਿਚ ਬੱਦਲ ਫਟਣ ਕਾਰਨ ਹੋਈ ਤਬਾਹੀ ਹੀ ਤਬਾਹੀ ਉੱਤਰਾਖੰਡ, 23 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ ਦੇ ਜਿ਼ਲੇ ਚਮੌਲੀ ਵਿਖੇ ਬੀਤੀ ਦੇਰ ਰਾਤ ਅਚਾਨਕ ਹੀ ਬੱਦਲ ਫਟਣ ਦੇ ਚਲਦਿਆਂ ਥਰਾਲੀ ਖੇਤਰ ਵਿੱਚ ਤੇਜ਼ ਹੜ੍ਹ ਅਤੇ ਮਲਬੇ ਦੇ ਵਹਾਅ ਨਾਲ ਕਈ ਘਰਾਂ ਅਤੇ ਦੁਕਾਨਾਂ ਨੂੰ ਭਾਰੀ ਨੁਕਸਾਨ ਹੋ ਗਿਆ ਹੈ। ਇਸ ਘਟਨਾ ਵਿੱਚ ਇੱਕ ਲੜਕੀ ਦੀ ਮੌਤ ਤੇ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਹੈ। ਕਦੋਂ ਵਾਪਰੀ ਘਟਨਾ ਚਮੌਲੀ ਦੇ ਥਰਾਲੀ ਵਿਖੇ ਬੱਦਲ ਫਟਣ ਦੀ ਘਟਨਾ ਰਾਤ ਨੂੰ ਲਗਭਗ 12 ਵਜੇ ਕੋਟਦੀਪ ਖੇਤਰ ਵਿੱਚ ਵਾਪਰੀ, ਜਿਸ ਕਾਰਨ ਹੜ੍ਹ ਦਾ ਪਾਣੀ ਅਤੇ ਮਲਬਾ ਦੁਕਾਨਾਂ ਅਤੇ ਘਰਾਂ ਦੇ ਨਾਲ- ਨਾਲ ਤਹਿਸੀਲ ਹੈੱਡਕੁਆਰਟਰ ਰਾੜੀਬਾਗੜ ਵਿੱਚ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸ. ਡੀ. ਐਮ.) ਦੇ ਨਿਵਾਸ ਦੇ ਅੰਦਰ ਵੀ ਪਹੁੰਚ ਗਿਆ। ਪ੍ਰਸ਼ਾਸਨ ਨੇ ਤੁਰੰਤ ਕੀਤੇ ਬਚਾਅ ਕਾਰਜ ਸ਼ੁਰੂ ਉਤਰਾਖੰਡ ਪ੍ਰਸ਼ਾਸਨ ਨੇ ਫੌਰੀ ਕਾਰਵਾਈ ਕਰਦਿਆਂ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗ ਗਈਆਂ। ਜਿ਼ਲ੍ਹਾ ਮੈਜਿਸਟ੍ਰੇਟ ਡਾ. ਸੰਦੀਪ ਤਿਵਾੜੀ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਸ ਦੀਆਂ ਟੀਮਾਂ ਮੌਕੇ `ਤੇ ਮੌਜੂਦ ਹਨ ਅਤੇ ਕੰਮ ਜੰਗੀ ਪੱਧਰ `ਤੇ ਜਾਰੀ ਹੈ।