ਵੈਸਟ ਇੰਡੀਜ਼ ਅਤੇ ਅਮਰੀਕਾ ’ਚ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਦੌਰਾਨ ਅਤਿਵਾਦੀ ਹਮਲੇ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਦਾ ਖ਼ੁਲਾਸਾ ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਡਾਕਟਰ ਕੀਥ ਰਾਊਲੇ ਨੇ ਕੀਤਾ ਹੈ ਜਦਕਿ ਆਈਸੀਸੀ ਨੇ ਕਿਹਾ ਕਿ ਕਿਸੇ ਵੀ ਖ਼ਤਰੇ ਨਾਲ ਸਿੱਝਣ ਲਈ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵਿਸ਼ਵ ਕੱਪ ’ਚ ਭਾਰਤ ਸਮੇਤ 20 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਦੇ ਮੁਕਾਬਲੇ ਕੈਰੇਬੀਅਨ ਮੁਲਕਾਂ ਅਤੇ ਅਮਰੀਕਾ ’ਚ 9 ਥਾਵਾਂ ’ਤੇ ਖੇਡੇ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਸਿਰਫ਼ ਵੈਸਟ ਇੰਡੀਜ਼ ’ਚ ਹਮਲੇ ਦੀ ਧਮਕੀ ਮਿਲੀ ਹੈ। ਰਾਊਲੇ ਨੇ ਧਮਕੀ ਲਈ ਕਿਸੇ ਜਥੇਬੰਦੀ ਦਾ ਨਾਮ ਨਹੀਂ ਲਿਆ ਪਰ ਰਿਪੋਰਟਾਂ ਮੁਤਾਬਕ ਇਸਲਾਮਿਕ ਸਟੇਟ ਨੇ ਆਪਣੇ ਪ੍ਰਾਪੇਗੰਡਾ ਚੈਨਲ ਰਾਹੀਂ ਧਮਕੀ ਦਿੱਤੀ ਹੈ। ਰਾਊਲੇ ਨੇ ਕਿਹਾ ਕਿ ਮੇਜ਼ਬਾਨਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਸੁਰੱਖਿਆ ਲਈ ਪੁਖ਼ਤਾ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਕਿਸੇ ਵੀ ਤਰੀਕੇ ਨਾਲ ਦੁਰਵਿਹਾਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਮੁਕੰਮਲ ਤੌਰ ’ਤੇ ਰੋਕਣਾ ਮੁਸ਼ਕਲ ਹੈ ਪਰ ਅਸੀਂ ਚੌਕਸੀ ਰੱਖ ਰਹੇ ਹਾਂ। ਆਈਸੀਸੀ ਦੇ ਤਰਜਮਾਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮੁਕਾਬਲਿਆਂ ਦੌਰਾਨ ਹਰ ਕਿਸੇ ਦੀ ਸੁਰੱਖਿਆ ਅਤੇ ਰਾਖੀ ਸਾਡੀ ਪਹਿਲੀ ਤਰਜੀਹ ਹੈ। ਕ੍ਰਿਕਟ ਵੈਸਟ ਇੰਡੀਜ਼ ਨੇ ਕਿਹਾ ਕਿ ਵਿਸ਼ਵ ਕੱਪ ਲਈ ਪੁਖ਼ਤਾ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਕਦਮ ਚੁੱਕੇ ਜਾ ਰਹੇ ਹਨ। ਵਿਸ਼ਵ ਕੱਪ ਦੇ ਮੈਚ ਵੈਸਟ ਇੰਡੀਜ਼ ’ਚ ਐਂਟੀਗੁਆ ਐਂਡ ਬਰਬੂਡਾ, ਬਾਰਬਾਡੋਸ, ਗੁਇਆਨਾ, ਸੇਂਟ ਲੂਸੀਆ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾ, ਤ੍ਰਿਨੀਦਾਦ ਐਂਡ ਟੋਬੈਗੋ ’ਚ ਖੇਡੇ ਜਾਣਗੇ ਜਦੋਂ ਕਿ ਅਮਰੀਕਾ ’ਚ ਇਹ ਮੁਕਾਬਲੇ ਫਲੋਰੀਡਾ, ਨਿਊਯਾਰਕ ਅਤੇ ਟੈਕਸਸ ’ਚ ਹੋਣਗੇ। ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 9 ਜੂਨ ਨੂੰ ਨਿਊਯਾਰਕ ’ਚ ਹੋਵੇਗਾ
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.