ਅਰਬਨ ਅਸਟੇਟ ਵਿਖੇ ਕਮਿਉਨਿਟੀ ਹੈਲਥ ਸੈਂਟਰ ਤੇ ਨਵਾਂ ਸਕੂਲ ਖੋਲ੍ਹਣ ਦੀ ਵੀ ਤਜਵੀਜ਼
- by Jasbeer Singh
- March 2, 2026
ਅਰਬਨ ਅਸਟੇਟ ਵਿਖੇ ਕਮਿਉਨਿਟੀ ਹੈਲਥ ਸੈਂਟਰ ਤੇ ਨਵਾਂ ਸਕੂਲ ਖੋਲ੍ਹਣ ਦੀ ਵੀ ਤਜਵੀਜ਼ ਅਰਬਨ ਅਸਟੇਟ ਨਿਵਾਸੀਆਂ ਦੇ ਸਾਰੇ ਮੁੱਖ ਮੁੱਦੇ ਇੱਕ ਨਿਸ਼ਚਿਤ ਸਮਾਂ-ਸੀਮਾ ਦੇ ਅੰਦਰ ਹੱਲ ਕੀਤੇ ਜਾਣਗੇ : ਡਾ. ਬਲਬੀਰ ਸਿੰਘ -ਮੁਸ਼ਕਲਾਂ ਦੇ ਹੱਲ ਲਈ, ਸਿਹਤ ਮੰਤਰੀ ਵੱਲੋਂ ਪੀਡੀਏ ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਨਾਲ ਮੀਟਿੰਗ -ਕਿਹਾ, ਮਾਰਚ ਦੇ ਤੀਜੇ ਹਫ਼ਤੇ ਅਰਬਨ ਅਸਟੇਟ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨਾਲ ਇੱਕ ਹੋਰ ਮੀਟਿੰਗ ਕਰਨਗੇ ਪਟਿਆਲਾ, 2 ਮਾਰਚ 2026 : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਕਾਸ ਅਥਾਰਟੀ ਦੇ ਸੀ. ਏ. ਅਪਰਨਾ ਐਮ. ਬੀ., ਏ. ਸੀ. ਏ. ਪਰਮਦੀਪ ਸਿੰਘ ਅਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਮੈਂਬਰਾਂ ਨਾਲ ਅਰਬਨ ਅਸਟੇਟ, ਪਟਿਆਲਾ ਦੇ ਨਿਵਾਸੀਆਂ ਨੂੰ ਦਰਪੇਸ਼ ਮੁੱਖ ਮੁਸ਼ਕਲਾਂ ਦੇ ਹੱਲ ਲਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ । ਡਾ. ਬਲਬੀਰ ਸਿੰਘ ਨੇ ਨਿਵਾਸੀਆਂ ਦੁਆਰਾ ਉਠਾਈਆਂ ਗਈਆਂ ਸਾਰੀਆਂ ਮੁਸ਼ਕਲਾਂ ਸੁਣਦਿਆਂ ਭਰੋਸਾ ਦਿੱਤਾ ਕਿ ਅਰਬਨ ਅਸਟੇਟ ਦੀਆਂ ਸਾਰੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਇੱਕ ਨਿਸ਼ਚਿਤ ਸਮਾਂ-ਸੀਮਾ ਦੇ ਅੰਦਰ ਹੱਲ ਕੀਤਾ ਜਾਵੇਗਾ । ਉਨ੍ਹਾਂ ਐਲਾਨ ਕੀਤਾ ਕਿ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਰਬਨ ਅਸਟੇਟ ਵਿੱਚ ਇੱਕ ਕਮਿਊਨਿਟੀ ਹੈਲਥ ਸੈਂਟਰ ਸਥਾਪਤ ਕੀਤਾ ਜਾਵੇਗਾ । ਉਨ੍ਹਾਂ ਅੱਗੇ ਦੱਸਿਆ ਕਿ ਇਲਾਕੇ ਵਿੱਚ ਇੱਕ ਨਵਾਂ ਸਰਕਾਰੀ ਸਕੂਲ ਖੋਲ੍ਹਣ ਦੇ ਪ੍ਰਸਤਾਵ 'ਤੇ ਸਿੱਖਿਆ ਮੰਤਰੀ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਦੌਰਾਨ, ਪ੍ਰੋਜੈਕਟ ਲਈ ਢੁਕਵੀਂ ਜ਼ਮੀਨ ਦੀ ਪਛਾਣ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਹਨ, ਜਿਸ ਕਰਕੇ ਅਰਬਨ ਅਸਟੇਟ ਨਿਵਾਸੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ । ਸਿਹਤ ਮੰਤਰੀ ਨੇ ਵਸਨੀਕਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਵਿਭਾਗ ਵੱਲੋਂ ਕੀਤੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਮਾਰਚ ਦੇ ਤੀਜੇ ਹਫ਼ਤੇ ਉਹ ਦੁਬਾਰਾ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨਾਲ ਸਮੀਖਿਆ ਮੀਟਿੰਗ ਕਰਨਗੇ । ਮੀਟਿੰਗ ਦੌਰਾਨ, ਵਸਨੀਕਾਂ ਨੇ ਕਈ ਮੰਗਾਂ ਉਠਾਈਆਂ, ਜਿਨ੍ਹਾਂ ਵਿੱਚ ਫੇਜ਼-1 ਵਿੱਚ ਇੱਕ ਇਨਡੋਰ ਬੈਡਮਿੰਟਨ ਕੋਰਟ ਦਾ ਨਿਰਮਾਣ, ਸੇਵਾ ਕੇਂਦਰ ਤੇ ਇੱਕ ਕਮਿਊਨਿਟੀ ਸੈਂਟਰ ਬਣਾਉਣਾ, ਸੜਕਾਂ ਦੀ ਮੁਰੰਮਤ, ਮੀਂਹ ਦੇ ਪਾਣੀ ਦੀ ਨਿਕਾਸੀ, ਟ੍ਰੈਫਿਕ ਭੀੜ ਦੇ ਪ੍ਰਬੰਧਨ ਲਈ ਉਪਾਅ, ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ 'ਤੇ ਕਾਬੂ, ਕੂੜਾ ਇਕੱਠਾ ਕਰਨ ਵਿੱਚ ਸੁਧਾਰ, ਅਤੇ ਵਾਧੂ ਜਨਤਕ ਪਖਾਨੇ ਅਤੇ ਹੋਰ ਨਾਗਰਿਕ ਸਹੂਲਤਾਂ ਦੀ ਵਿਵਸਥਾ ਸ਼ਾਮਲ ਹੈ । ਡਾ. ਬਲਬੀਰ ਸਿੰਘ ਨੇ ਸੀ. ਏ. ਪੀ. ਡੀ. ਏ. ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਸਾਰੇ ਲੋੜੀਂਦੇ ਕੰਮ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਪੂਰੇ ਕੀਤੇ ਜਾਣ । ਸੀ. ਏ. ਅਪਰਨਾ ਐਮ. ਬੀ. ਨੇ ਸਿਹਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਹਦਾਇਤਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ । ਮੀਟਿੰਗ ਵਿੱਚ ਪ੍ਰੀਤਇੰਦਰ ਸਿੰਘ, ਮੌਂਟੀ ਘੁੰਮਣ, ਪ੍ਰੋ. ਆਰ.ਐਸ. ਘੁੰਮਣ, ਵਰਿੰਦਰ ਸੂਦ, ਮੌਦਗਿੱਲ, ਟਰੇਡ ਵਿੰਗ ਦੇ ਪ੍ਰਧਾਨ ਸੁਰਵੀਰ ਸਿੰਘ ਸਮੇਤ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਹੋਰ ਮੈਂਬਰ ਅਤੇ ਪੀ. ਡੀ. ਏ. ਦੇ ਅਧਿਕਾਰੀ ਸ਼ਾਮਲ ਸਨ ।
