ਇੱਥੋਂ ਦੇ ਸੈਕਟਰ-32 ਵਿੱਚ ਸਥਿਤ ਮੈਂਟਲ ਹੈਲਥ ਇੰਸਟੀਚਿਊਟ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਚੰਡੀਗੜ੍ਹ ਪੁਲੀਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਹਸਪਤਾਲ ਨੂੰ ਖਾਲੀ ਕਰਵਾਇਆ ਅਤੇ ਸਾਰਾ ਇਲਾਕਾ ਸੀਲ ਕਰ ਦਿੱਤਾ। ਪੁਲੀਸ, ਫਾਇਰ ਬ੍ਰਿਗੇਡ ਤੇ ਬੰਬ ਸਕੁਆਇਡ ਦੀ ਟੀਮ ਵੱਲੋਂ ਇੰਸਟੀਚਿਊਟ ਵਿੱਚ ਢਾਈ ਘੰਟੇ ਦੇ ਕਰੀਬ ਸਰਚ ਅਪਰੇਸ਼ਨ ਚਲਾਇਆ ਗਿਆ, ਪਰ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ। ਹਾਲਾਂਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਕਿਸੇ ਨੇ ਈ-ਮੇਲ ਭੇਜ ਕੇ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਈ-ਮੇਲ ਵਿੱਚ ਕਿਹਾ ਗਿਆ ਸੀ ਕਿ ਕੁਝ ਸਮੇਂ ਬਾਅਦ ਬੰਬ ਫਟ ਜਾਵੇਗਾ ਅਤੇ ਸਾਰੇ ਮਾਰੇ ਜਾਣਗੇ। ਈ-ਮੇਲ ਆਉਣ ਦੀ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਨੇ ਤੁਰੰਤ ਇੰਸਟੀਚਿਊ ਵਿੱਚ ਮੋਰਚਾ ਸਾਂਭ ਲਿਆ। ਇਸ ਸਮੇਂ 30 ਬੈੱਡਾਂ ਵਾਲੇ ਇੰਸਟੀਚਿਊਟ ਵਿੱਚ 16 ਮਰੀਜ਼ ਭਰਤੀ ਸਨ, ਜਿਨ੍ਹਾਂ ਨੂੰ ਪੁਲੀਸ ਨੇ ਸੈਕਟਰ-32 ਦੇ ਹਸਪਤਾਲ ਵਿੱਚ ਤਬਦੀਲ ਕਰ ਕੀਤਾ। ਇਸ ਤੋਂ ਇਲਾਵਾ ਇੰਸਟੀਚਿਊਟ ਦੇ ਸਾਰੇ ਸਟਾਫ ਤੇ ਵਿਦਿਆਰਥੀਆਂ ਨੂੰ ਵੀ ਬਾਹਰ ਕੱਢਿਆ ਗਿਆ। ਪੁਲੀਸ ਨੇ ਅੱਜ ਸਵੇਰੇ 10 ਤੋਂ ਲੈ ਕੇ ਦੁਪਹਿਰ 12.30 ਵਜੇ ਤੱਕ ਹਸਪਤਾਲ ਦਾ ਕੋਨਾ-ਕੋਨਾ ਚੈੱਕ ਕੀਤਾ, ਪਰ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ। ਇਸ ਸਬੰਧੀ ਮੈਂਟਲ ਹੈਲਥ ਇੰਸਟੀਚਿਊਟ ਦੀ ਸੀਨੀਅਰ ਅਧਿਕਾਰੀ ਡਾ. ਅਪਰਾਜਿਤਾ ਨੇ ਕਿਹਾ ਕਿ ਅੱਜ ਸਵੇਰੇ ਸੰਸਥਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਉਨ੍ਹਾਂ ਕਿਹਾ ਕਿ ਇਹ ਧਮਕੀ ਈ-ਮੇਲ ਰਾਹੀਂ ਆਈ ਸੀ। ਪੁਲੀਸ ਈ-ਮੇਲ ਦੀ ਜਾਂਚ ’ਚ ਲੱਗੀ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਦਲਬੀਰ ਸਿੰਘ ਨੇ ਕਿਹਾ ਕਿ ਮੈਂਟਲ ਹੈਲਥ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਹੀ ਇੰਸਟੀਚਿਊਟ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਢਾਈ ਘੰਟੇ ਹਸਪਤਾਲ ਦੀ ਜਾਂਚ ਕੀਤੀ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਈ-ਮੇਲ ਕਿਸ ਵੱਲੋਂ ਭੇਜਿਆ ਗਿਆ ਸੀ, ਬਾਰੇ ਵੀ ਚੰਡੀਗੜ੍ਹ ਪੁਲੀਸ ਦੇ ਥਾਣਾ ਸਾਈਬਰ ਸੈੱਲ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.