ਦਮ ਘੁਟਣ ਨਾਲ ਹੋਈ ਤਿੰਨ ਜਣਿਆਂ ਦੀ ਮੌਤ ਫਰੀਦਾਬਾਦ, 14 ਜਨਵਰੀ 2026 : ਹਰਿਆਣਾ ਦੇ ਫਰੀਦਾਬਾਦ ਵਿੱਚ ਬੀਤੀ ਰਾਤ ਇੱਕ ਕਮਰੇ ਵਿੱਚ ਸੌਂ ਰਹੇ ਇੱਕ ਜੋੜੇ ਅਤੇ ਉਨ੍ਹਾਂ ਦੇ 5 ਸਾਲ ਦੇ ਪੁੱਤਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਹੈ। ਪਰਿਵਾਰ ਨੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਬਾਲੀ ਸੀ। ਕੌਣ ਕੌਣ ਹੈ ਮ੍ਰਿਤਕਾਂ ਵਿਚ ਦਮ ਘੁਟਣ ਨਾਲ ਮਰ ਚੁੱਕੇ ਵਿਅਕਤੀਆਂ ਦੀ ਪਛਾਣ ਰਮੇਸ਼ (22), ਉਸ ਦੀ ਪਤਨੀ ਮਮਤਾ (27) ਅਤੇ ਉਨ੍ਹਾਂ ਦੇ ਪੁੱਤਰ ਛੋਟੂ (5) ਵਜੋਂ ਹੋਈ ਹੈ, ਇਹ ਸਾਰੇ ਫਰੀਦਾਬਾਦ ਦੇ ਮੁਜੇਸਰ ਥਾਣਾ ਖੇਤਰ ਦੇ ਸਰੂਰਪੁਰ ਦੇ ਰਹਿਣ ਵਾਲੇ ਸਨ। ਇਹ ਮੂਲ ਰੂਪ ਵਿੱਚ ਬਿਹਾਰ ਦੇ ਬਕਸਰ ਜ਼ਿਲ੍ਹੇ ਤੋਂ ਸਨ। ਮਮਤਾ ਨੇ ਅੱਠ ਮਹੀਨੇ ਪਹਿਲਾਂ ਹੀ ਰਮੇਸ਼ ਨਾਲ ਦੂਜਾ ਵਿਆਹ ਕਰਵਾਇਆ ਸੀ। ਉਹ ਫਰੀਦਾਬਾਦ ਵਿੱਚ ਕੰਮ ਕਰਦੇ ਸਨ ਅਤੇ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸਨ । ਸਵੇਰੇ ਕਮਰੇ ਵਿਚੋਂ ਨਾ ਨਿਕਲਣ ਤੇ ਗੁਆਂਢੀਆਂ ਕੀਤਾ ਪੁਲਸ ਨੂੰ ਸੂਚਿਤ ਅੱਜ ਸਵੇਰ ਵੇਲੇ ਜਦੋਂ ਤਿੰਨੋਂ ਆਪਣੇ ਕਮਰੇ ਵਿੱਚੋਂ ਨਹੀਂ ਨਿਕਲੇ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਕਿ ਕੁਝ ਗਲਤ ਤਾਂ ਨਹੀਂ ਹੋਇਆ ਅਤੇ ਫਿਰ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਕੋਈ ਜਵਾਬ ਵੀ ਨਹੀਂ ਦਿੱਤਾ । ਜਿਸ ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਿਤ ਕੀਤਾ । ਸੂਚਨਾ ਮਿਲਣ `ਤੇ ਮੌਕੇ `ਤੇ ਪੁਲਿਸ ਪਹੁੰਚੀ ਅਤੇ ਜਦੋਂ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਤਿੰਨਾਂ ਦੀਆਂ ਲਾਸ਼ਾਂ ਪਈਆਂ ਸਨ।
