ਜ਼ਮੀਨੀ ਵਿਵਾਦ ਕਾਰਨ ਗੋਲੀ ਚੱਲਣ ਕਾਰਨ ਹੋਈ ਦੋ ਵਿਅਕਤੀਆਂ ਦੀ ਮੌਤ
ਤਰਨਤਾਰਨ, 17 ਅਗਸਤ 2026 : ਵਿਧਾਨ ਸਭਾ ਹਲਕਾ ਖੇਮਕਰਨ (Khemkaran) ਅਧੀਨ ਆਉਂਦੇ ਪਹੁਵਿੰਡ ਵਿਖੇ 2 ਵਿਅਕਤੀਆਂ ਦਾ ਜ਼ਮੀਨੀ ਵਿਵਾਦ ਕਾਰਨ ਕਤਲ (Murder) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੇ ਜੋ ਉਤਰ ਗਏ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਹੁਵਿੰਡ ਵਿਖੇ ਜੋ ਜ਼ਮੀਨੀ ਝਗੜੇ (Land disputes) ਦੇ ਚਲਦਿਆਂ ਗੋਲੀ ਲੱਗਣ (Shoot) ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਵਿਚ ਮ੍ਰਿਤਕਾਂ ਦੀ ਪਛਾਣ ਸੁਖਰਾਜ ਸਿੰਘ ਤੇ ਨਿਰਮਲ ਸਿੰਘ ਦੇ ਤੌਰ 'ਤੇ ਹੋਈ ਹੈ ।
ਕੀ ਰਿਹਾ ਸਮੁੱਚਾ ਮਾਮਲਾ
ਸੁਖਰਾਜ ਸਿੰਘ ਉਰਫ ਰਾਜੂ (53) ਪੁੱਤਰ ਗੁਰਮੁਖ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਧਿਰ ਦਰਮਿਆਨ ਡੇਢ ਕਿੱਲਾ ਜ਼ਮੀਨ ਦੀ ਲੜਾਈ ਚੱਲ ਰਹੀ ਸੀ। ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਜਦੋਂ ਅਮਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਬੀਜੀ ਹੋਈ ਬਾਜਰੇ ਦੀ ਫਸਲ ਨੂੰ ਵੱਢਿਆ ਜਾ ਰਿਹਾ ਸੀ ਤਾਂ ਸੁਖਰਾਜ ਸਿੰਘ ਅਤੇ ਉਸ ਦੇ ਬੇਟੇ ਗੁਰਨੂਰ ਸਿੰਘ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ।
ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਫਾਇਰਿੰਗ ਸ਼ੁਰੂ ਹੋ ਗਈ ਅਤੇ ਸੁਖਰਾਜ ਸਿੰਘ ਦੀ ਸਿਰ `ਚ ਗੋਲੀ ਵੱਜਣ ਕਾਰਨ ਮੌਕੇ `ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਬੇਟਾ ਗੁਰਨੂਰ ਸਿੰਘ ਜ਼ਖਮੀ ਹੋ ਗਿਆ । ਇਸ ਫਾਇਰਿੰਗ ਦੌਰਾਨ ਦੂਸਰੀ ਧਿਰ ਦਾ ਨਿਰਮਲ ਸਿੰਘ (63) ਪੁੱਤਰ ਨਾਜਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ।
ਕੀ ਦੱਸਿਆ ਡੀ. ਐਸ. ਪੀ. ਨੇ
ਡੀ. ਐੱਸ. ਪੀ. ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਅਮਰਜੀਤ ਸਿੰਘ, ਨਿਰਮਲ ਸਿੰਘ, ਰਣਦੀਪ ਸਿੰਘ, ਸ਼ਰਨਜੀਤ ਸਿੰਘ, ਦਿਲਜੀਤ ਕੌਰ, ਪਰਮਜੀਤ ਸਿੰਘ, ਕਾਲੂ, ਸਰਬਜੀਤ ਸਿੰਘ ਅਤੇ ਕੁਲਵੰਤ ਸਿੰਘ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ `ਤੇ ਪਰਚਾ ਦਰਜ (Case filed) ਕਰ ਲਿਆ ਗਿਆ ਹੈ ।
