ਵਿਜੀਲੈਂਸ ਨੇ ਕੀਤਾ ਪਟਵਾਰੀ 15 ਹਜ਼ਾਰ ਰਿਸ਼ਵਤ ਲੈਂਦਾ ਹੋਇਆ ਗ੍ਰਿਫ਼ਤਾਰ
ਚੰਡੀਗੜ੍ਹ, 12 ਅਗਸਤ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇਕ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਪਟਵਾਰੀ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਜਿਸ ਪਟਵਾਰੀ ਨੂੰ ਰਿਸ਼ਵਤ ਲੈਂਦਿਆ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਪੁਨੀਤ ਕੁਮਾਰ ਯਾਦਵ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਪਟਵਾਰੀ (Patwari) ਲੁਧਿਆਣਾ ਜ਼ਿਲੇ ਦੀ ਤਹਿਸੀਲ ਡੇਹਲੋਂ ਦੇ ਰੈਵੇਨਿਊ ਅਸਟੇਟ ਰੂੜਕਾ `ਚ ਤਾਇਨਾਤ ਹੈ ਤੇ ਇਸਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ
ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਪਟਵਾਰੀ ਨੂੰ ਤਹਿਸੀਲ ਡੇਹਲੋਂ, ਜ਼ਿਲਾ ਲੁਧਿਆਣਾ ਦੇ ਇਕ ਨਿਵਾਸੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ `ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਪਟਵਾਰੀ ਨੇ ਸਿਕਾਇਤਕਰਤਾ (Complainant) ਦੀ ਜ਼ਮੀਨ ਦੀ ਵੰਡ ਕਰਨ ਦੇ ਬਦਲੇ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ । ਇਸ ਸਬੰਧ `ਚ ਮੁਲਜ਼ਮ ਪਟਵਾਰੀ ਸਿਕਾਇਤਕਰਤਾ ਤੋਂ ਪਹਿਲਾਂ ਹੀ 35 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਸੀ ।
ਸਿਕਾਇਤ ਮਿਲਣ 'ਤੇ ਵਿਜੀਲੈਂਸ ਨੇ ਵਿਛਾਇਆ ਸੀ ਜਾਲ
ਰਿਸ਼ਵਤ ਦੇਣ ਦਾ ਇੱਛੁਕ ਨਾ ਹੋਣ ਕਰ ਕੇ ਸਿ਼ਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੀ ਅਪਰਾਧ ਸ਼ਾਖਾ, (ਈ. ਓ. ਡਬਲਿਊ.), ਲੁਧਿਆਣਾ ਨਾਲ ਸੰਪਰਕ ਕੀਤਾ । ਸਿ਼ਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ । ਇਸ ਦੌਰਾਨ ਮੁਲਜ਼ਮ ਪਟਵਾਰੀ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ `ਚ ਸਿਕਾਇਤਕਰਤਾ ਤੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ।
