

ਬੰਗਾਲ ਅਤੇ ਹਰਿਆਣਾ ਨੇ ਅੱਜ ਇੱਥੇ ਕੌਮੀ ਮਹਿਲਾ ਹਾਕੀ ਲੀਗ 2024 ਵਿੱਚ ਕ੍ਰਮਵਾਰ ਉੜੀਸਾ ਅਤੇ ਮਹਾਰਾਸ਼ਟਰ ’ਤੇ ਬਰਾਬਰ 2-1 ਦੇ ਫਰਕ ਨਾਲ ਜਿੱਤਾਂ ਦਰਜ ਕੀਤੀਆਂ। ਬੰਗਾਲ ਨੇ ਮੈਚ ਦੌਰਾਨ ਦਬਦਬਾ ਕਾਇਮ ਰੱਖਿਆ ਅਤੇ ਉਸ ਲਈ ਦੋਵੇਂ ਗੋਲ ਸ਼ਾਂਤੀ ਹੋਰੋ (23ਵੇਂ ਅਤੇ 39ਵੇਂ ਮਿੰਟ) ਨੇ ਕੀਤੇ। ਮੈਚ ਦੇ ਆਖਰੀ ਕੁਆਰਟਰ ਵਿੱਚ ਦੀਪੀ ਮੋਨਿਕਾ ਟੋਪੋ (51ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਉੜੀਸਾ ਲਈ ਵਾਪਸੀ ਕੀਤੀ ਪਰ ਟੀਮ ਇਸ ਤੋਂ ਬਾਅਦ ਕੋਈ ਹੋਰ ਗੋਲ ਨਹੀਂ ਕਰ ਸਕੀ। ਇਸ ਹਾਰ ਦੇ ਬਾਵਜੂਦ ਉੜੀਸਾ ਛੇ ਮੈਚਾਂ ਵਿੱਚ 12 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹੈ। ਦਿਨ ਦੇ ਦੂਜੇ ਮੈਚ ਵਿੱਚ ਹਰਿਆਣਾ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾਈ ਰੱਖਿਆ। ਮੰਜੂ ਚੌਰਸੀਆ ਨੇ 12ਵੇਂ ਮਿੰਟ ’ਚ ਟੀਮ ਨੂੰ ਲੀਡ ਦਿਵਾਈ ਜਦਕਿ ਦੂਜੇ ਅੱਧ ’ਚ ਪੂਜਾ (37ਵੇਂ ਮਿੰਟ) ਨੇ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਹਰਿਆਣਾ ਦੀ ਲੀਡ ਦੁੱਗਣੀ ਕਰ ਦਿੱਤੀ। ਮਹਾਰਾਸ਼ਟਰ ਲਈ ਸੁਕੰਨਿਆ ਧਾਵਰੇ (55) ਆਖਰੀ ਮਿੰਟਾਂ ’ਚ ਮੈਦਾਨੀ ਗੋਲ ਕਰ ਕੇ ਹਾਰ ਦਾ ਫਰਕ ਘੱਟ ਕਰਨ ’ਚ ਸਫਲ ਰਹੀ।