
ਸ਼੍ਰੋਮਣੀ ਪੁਰਸਕਾਰ ਮੁੜ ਸ਼ੁਰੂ ਕਰਵਾਉਣਾ ਜ਼ਫ਼ਰ ਲਈ ਹੋਵੇਗੀ ਵੱਡੀ ਚੁਣੌਤੀ ਭਾਸ਼ਾ ਵਿਭਾਗ ਦੇ ਨਵ-ਨਿਯੁਕਤ ਨਿਰਦੇਸ਼ਕ ਨੂੰ ਕਈ
- by Aaksh News
- June 29, 2024

ਭਾਸ਼ਾ ਵਿਭਾਗ ਦੇ ਨਵ-ਨਿਯੁਕਤ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਅੱਗੇ ਕਈ ਚੁਣੌਤੀਆਂ ਖੜ੍ਹੀਆਂ ਹਨ। ਭਾਵੇਂ ਕਿ ਜਸਵੰਤ ਜ਼ਫ਼ਰ ਨੇ ਕਿਹਾ ਹੈ ਕਿ ਉਹ ਹਰ ਚੁਣੌਤੀ ਨੂੰ ਬੜੇ ਸਹਿਜੇ ਹੀ ਸਵੀਕਾਰ ਕਰ ਕੇ ਉਸ ਦਾ ਹੱਲ ਕਰਨ ਦੇ ਆਦੀ ਹਨ। ਜ਼ਫ਼ਰ ਲਈ ਸਭ ਤੋਂ ਵੱਡੀ ਚੁਣੌਤੀ ਪਿਛਲੇ ਦਸ ਸਾਲ ਤੋਂ ਬੰਦ ਪਏ ਸ਼੍ਰੋਮਣੀ ਪੁਰਸਕਾਰਾਂ ਨੂੰ ਮੁੜ ਸ਼ੁਰੂ ਕਰਨਾ ਹੋਵੇਗਾ। ਸਾਲ 2016 ਤੋਂ ਲੈ ਕੇ 2020 ਤੱਕ ਦੇ ਪੁਰਸਕਾਰ ਤਾਂ ਅਦਾਲਤ ਦੀਆਂ ਫਾਈਲਾਂ ਵਿੱਚ ਬੰਨ੍ਹੇ ਹੋਏ ਹਨ ਜਦ ਕਿ ਉਸ ਤੋਂ ਬਾਅਦ ਦੇ ਪੁਰਸਕਾਰ ਦੇਣ ਦਾ ਕੋਈ ਰਾਹ ਨਹੀਂ ਕੱਢਿਆ ਜਾ ਸਕਿਆ। ਇਨ੍ਹਾਂ ਸਾਲਾਂ ਦੌਰਾਨ ਜਿਨ੍ਹਾਂ ਲੇਖਕਾਂ ਨੂੰ ਪੁਰਸਕਾਰ ਐਲਾਨ ਹੋਏ ਸਨ, ਉਨ੍ਹਾਂ ਵਿੱਚੋਂ ਕੁਝ ਤਾਂ ਸਨਮਾਨ ਦੀ ਉਡੀਕ ਵਿੱਚ ਦੁਨੀਆਂ ਤੋਂ ਵਿਦਾ ਵੀ ਹੋ ਗਏ ਹਨ ਤੇ ਕੁਝ ਕਾਫ਼ੀ ਬਿਰਧ ਹਨ। ਇਸੇ ਤਰ੍ਹਾਂ ਰਾਜ ਭਾਸ਼ਾ ਐਕਟ ਪੂਰੀ ਤਰ੍ਹਾਂ ਲਾਗੂ ਕਰਾਉਣਾ ਵੱਡੀ ਚੁਣੌਤੀ ਹੈ। ਦੇਰ ਤੋਂ ਚਲੀ ਆ ਰਹੀ ਇਸ ਮੰਗ ਲਈ ‘ਭਾਸ਼ਾ ਪ੍ਰਯੋਗਸ਼ਾਲਾ’ ਸ਼ੁਰੂ ਕਰ ਕੇ ਭਾਸ਼ਾ ’ਤੇ ਖੋਜ ਭਰਪੂਰ ਕੰਮ ਹੋਣੇ ਵੀ ਲਾਜ਼ਮੀ ਹਨ, ਕਿਉਂਕਿ ਵਿਦਵਾਨਾਂ ਅਨੁਸਾਰ ਭਾਸ਼ਾ ਆਪਣੇ ਸਰੂਪ ਬਦਲ ਰਹੀ ਹੈ। ਵਿਭਾਗ ਵਿੱਚ ਸੈਂਕੜੇ ਅਣਛਪੇ ਖਰੜੇ ਪਏ ਹਨ, ਕਲਾਸੀਕਲ ਲਿਟਰੇਚਰ ਦੁਬਾਰਾ ਛਪਾਉਣਾ ਵੀ ਇਕ ਚੁਣੌਤੀ ਹੈ। ਵਿਭਾਗ ਦੇ ਰਸਾਲੇ ਜਨ ਸਾਹਿਤ, ਪੰਜਾਬੀ ਦੁਨੀਆ, ਪਰਵਾਜ਼-ਏ-ਅਦਬ (ਉਰਦੂ) ਤੇ ਪੰਜਾਬ ਸੌਰਭ (ਹਿੰਦੀ) ਵੀ ਸਮੇਂ ਅਨੁਸਾਰ ਸਟਾਲਾਂ ’ਤੇ ਪਹੁੰਚਦੇ ਕਰਨੇ ਜ਼ਰੂਰੀ ਹਨ, ਜਿਸ ਦੀਆਂ ਕੀਮਤਾਂ ਵੀ ਆਮ ਲੋਕਾਂ ਦੇ ਵੱਸ ਦੀਆਂ ਹੋਣ। ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਦੇ ਦੌਰ ’ਚ ਭਾਸ਼ਾ ਵਿਭਾਗ ਨੂੰ ਦੁਨੀਆ ਦੇ ਮੇਚ ਦੀ ਕਰਨਾ ਵੀ ਇਕ ਚੁਣੌਤੀ ਹੈ। ਖੋਜ ਸਹਾਇਕਾਂ ਦੀ ਕਮੀ ਕਰ ਕੇ ਵਿਭਾਗ ਦੇ ਕਈ ਕੰਮ ਰੁਕ ਰਹੇ ਹਨ। ਇਸੇ ਤਰ੍ਹਾਂ ਭਾਸ਼ਾਈ ਤੇ ਸੱਭਿਆਚਾਰ ਦਾ ਸਰਵੇਖਣ ਹੋਣਾ ਵੀ ਲਾਜ਼ਮੀ ਹੈ, ਜੋ ਕਿ ਪਿਛਲੇ ਸਮੇਂ ਤੋਂ ਨਹੀਂ ਕੀਤਾ ਗਿਆ। ਬਹੁਤ ਸਾਰੇ ਸ਼ਬਦ ਅਜੋਕੇ ਸਮੇਂ ਨੇ ਖਾ ਲਏ। ਜਸਵੰਤ ਜ਼ਫ਼ਰ ਸਾਹਮਣੇ ਅਗਲੀ ਵੱਡੀ ਚੁਣੌਤੀ ਭਾਸ਼ਾ ਵਿਭਾਗ ਵੱਲੋਂ ਲੇਖਕਾਂ ਦੇ ਰਹਿਣ ਲਈ ਬਣਾਇਆ ‘ਸਾਹਿਤ ਸਦਨ’ ਐੱਨਸੀਸੀ ਦੇ ਕਬਜ਼ੇ ’ਚੋਂ ਛੁਡਵਾਉਣਾ ਹੋਵੇਗੀ। ਪਿਛਲੇ ਸਮੇਂ ਦੌਰਾਨ ਭਾਸ਼ਾ ਵਿਭਾਗ ਸਿਰਫ਼ ਕਵੀ ਦਰਬਾਰ ਜਾਂ ਗੋਸ਼ਟੀਆਂ ਵਿੱਚ ਹੀ ਸਮਾਂ ਗੁਜ਼ਾਰ ਰਿਹਾ ਹੈ, ਜਦ ਕਿ ਇਹ ਤਾਂ ਇਸ ਦਾ ਦੂਜੀ ਕਤਾਰ ਵਿੱਚ ਰਹਿਣ ਵਾਲਾ ਕੰਮ ਹੁੰਦਾ ਹੈ। ਉੱਘੇ ਲੇਖਕ ਕਿਰਪਾਲ ਕਜ਼ਾਕ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਕੋਸ਼ ਲਾਜਵਾਬ ਹੈ ਪਰ ਉਸ ਦੇ ਬਹੁਤ ਸਾਰੇ ਸ਼ਬਦ ਸਮੇਂ ਦੇ ਹਾਣ ਤੋਂ ਵਾਂਝੇ ਰਹਿ ਗਏ ਹਨ, ਜਿਸ ’ਤੇ ਲਗਾਤਾਰ ਕੰਮ ਹੋਣਾ ਚਾਹੀਦਾ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.