ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ’ਚ ਭਾਸ਼ਾ ਵਿਭਾਗ ਦੀ ਵੱਡੀ ਪਹਿਲਕਦਮੀ
- by Jasbeer Singh
- September 26, 2024
ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ’ਚ ਭਾਸ਼ਾ ਵਿਭਾਗ ਦੀ ਵੱਡੀ ਪਹਿਲਕਦਮੀ ਭਾਸ਼ਾ ਵਿਭਾਗ ਪੰਜਾਬ ਨੇ ਕੀਤੀ ਨਵੀਂ ਵੈੱਬਸਾਈਟ ਲੋਕ ਅਰਪਨ ਪੰਜਾਬੀ ਹੁਣ ਸੱਤ ਸਮੁੰਦਰਾਂ ਦੀ ਭਾਸ਼ਾ ਬਣ ਚੁੱਕੀ ਹੈ- ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਪਟਿਆਲਾ 26 ਸਤੰਬਰ : ਭਾਸ਼ਾ ਵਿਭਾਗ ਪੰਜਾਬ ਵੱਲੋਂ ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ’ਚ ਪੰਜਾਬੀ ਭਾਸ਼ਾ ਨੂੰ ਸਥਾਪਤ ਕਰਨ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਤਿਆਰ ਕੀਤੀ ਗਈ ਨਵੀਂ ਵੈੱਬਸਾਈਟ ਅੱਜ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਲੋਕ ਅਰਪਨ ਕੀਤੀ। ਇਸ ਮੌਕੇ ਵਿਭਾਗ ਦੇ ਅਧਿਕਾਰੀ, ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਹਰੇਕ ਭਾਸ਼ਾ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਕਰਨੀ ਲਾਜ਼ਮੀ ਹੋ ਗਈ ਹੈ। ਇਸੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਵਿਸ਼ਵ ਪੱਧਰ ’ਤੇ ਪ੍ਰਚਾਰ ਪ੍ਰਸਾਰ ਲਈ ਉਲੀਕੀਆਂ ਯੋਜਨਾਵਾਂ ਤਹਿਤ ਸੂਬੇ ਦਾ ਭਾਸ਼ਾ ਵਿਭਾਗ ਬੜੀ ਸੁਹਿਰਦਤਾ ਨਾਲ ਵੱਖ-ਵੱਖ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ। ਇਸੇ ਲੜੀ ਵਿੱਚ ਭਾਸ਼ਾ ਵਿਭਾਗ ਵੱਲੋਂ ਤਿਆਰ ਕੀਤੀ ਗਈ ਉਕਤ ਵੈੱਬਸਾਈਟ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਤ ਬਹੁਪਰਤੀ ਤੇ ਮਿਆਰੀ ਸਮੱਗਰੀ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਇੱਕ ਦਰਿਆ ਵਾਂਗ ਹੈ ਜੋ ਨਿਰੰਤਰ ਅੱਗੇ ਵਧਦੀ ਰਹਿੰਦੀ ਹੈ। ਸ. ਜ਼ਫ਼ਰ ਨੇ ਪੰਜਾਬੀ ਭਾਸ਼ਾ ਨਾਲ ਜੁੜੀਆ ਹੋਰਨਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ਵਿੱਚ ਸਥਾਪਤ ਕਰਨ ਲਈ ਯਤਨ ਕਰਨ ਲਈ ਬਣਦਾ ਯੋਗਦਾਨ ਪਾਉਣ ਕਿਉਂਕਿ ਇਹ ਸਭ ਦਾ ਸਾਂਝਾ ਕਾਰਜ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ’ਚ ਸਾਹਿਤ, ਵਿਗਿਆਨ, ਰਾਜਨੀਤੀ, ਪ੍ਰਸ਼ਾਸ਼ਨ ਨਾਲ ਸਬੰਧਤ ਤੇ ਹੋਰ ਕਈ ਪ੍ਰਕਾਰ ਦੀ ਸਮੱਗਰੀ ਨੂੰ ਆਨਲਾਈਨ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਉਕਤ ਵੈੱਬਸਾਈਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਗਤੀਵਿਧੀਆਂ, ਯੋਜਨਾਵਾਂ ਤੇ ਗਿਆਨ ਦੇ ਖਜ਼ਾਨੇ ਨਾਲ ਭਰਪੂਰ ਇਸ ਵੈੱਬਸਾਈਟ ਦਾ ਮੁੱਖ ਮਨੋਰਥ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿੱਚ ਪੰਜਾਬੀ ਮਾਤ ਭਾਸ਼ਾ ਨਾਲ ਸਬੰਧਤ ਵੱਧ ਤੋਂ ਵੱਧ ਜਾਣਕਾਰੀ ਡਿਜ਼ੀਟਲ ਰੂਪ ’ਚ ਦੁਨੀਆ ਭਰ ’ਚ ਬੈਠੇ ਪੰਜਾਬੀ ਪ੍ਰੇਮੀਆਂ ਨਾਲ ਸਾਂਝੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਵੈੱਬਸਾਈਟ ਦਾ ਘੇਰਾ ਹੋਰ ਵਿਸ਼ਾਲ ਕਰਨ ਦੇ ਯਤਨ ਨਿਰੰਤਰ ਜਾਰੀ ਰਹਿਣਗੇ। ਇਸ ਤੋਂ ਇਲਾਵਾ ਪੰਜਾਬੀ ਹਿਤੈਸ਼ੀਆਂ ਵੱਲੋਂ ਦਿੱਤੇ ਜਾਣ ਵਾਲੇ ਸੁਝਾਵਾਂ ਲਈ ਇਸ ਵੈੱਬਸਾਈਟ ’ਤੇ ਸੁਝਾਅ ਬਕਸਾ ਵੀ ਬਣਾਇਆ ਗਿਆ ਹੈ। ਇਸ ਵੈੱਬਸਾਈਟ ਨੂੰ ਤਿਆਰ ਕਰਨ ਵਾਲੀ ਟੀਮ ਦੇ ਮੈਂਬਰ ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਕਿਹਾ ਇਸ ਵੱੈਬਸਾਈਟ ’ਚ ਵਿਭਾਗ ਵੱਲੋਂ ਤਿਆਰ ਕੀਤੇ ਗਏ ਚਾਰ ਕੋਸ਼; ਪ੍ਰਮਾਣਿਕ ਕੋਸ਼, ਅਖਾਣ ਕੋਸ਼, ਮੁਹਾਵਰਾ ਕੋਸ਼, ਡੋਗਰੀ ਪੰਜਾਬੀ ਕੋਸ਼ ਤੇ ਵਾਰਸ ਮੁਹਾਵਰਾ ਕੋਸ਼ ਸ਼ਾਮਲ ਕੀਤੇ ਗਏ ਹਨ ਅਤੇ ਜਲਦੀ ਹੀ ਪੁਆਧੀ, ਕਿੱਸਾ ਸੰਦਰਭ ਤੇ ਅੰਗਰੇਜ਼ੀ-ਪੰਜਾਬੀ (ਮਿਡਲ ਪੱਧਰ ਤੱਕ) ਕੋਸ਼ ਵੀ ਇਸ ਵੈੱਬਸਾਈਟ ’ਚ ਸ਼ਾਮਲ ਕਰ ਦਿੱਤੇ ਜਾਣਗੇ। ਇਸ ਵੈੱਬਸਾਈਟ ਦਾ ਵਿਸ਼ੇਸ਼ ਆਕਰਸ਼ਨ ਆਨਲਾਈਨ ਸ਼ਬਦਾਵਲੀ ਹੈ, ਜਿਸ ਵਿੱਚ ਪ੍ਰਬੰਧਕੀ, ਕਾਨੂੰਨੀ, ਰਸਾਇਣ ਵਿਗਿਆਨ ਤੇ ਰਾਜਨੀਤੀ ਨਾਲ ਸਬੰਧਤ ਸ਼ਬਦਾਵਲੀ ਉਪਲਬਧ ਹੈ। ਭਾਸ਼ਾ ਵਿਭਾਗ ਦੇ ਵਿਲੱਖਣ ਤੇ ਦੁਰਲੱਭ ਖਰੜਿਆਂ ਦੀ ਸੂਚੀ ਅਤੇ ਜਾਣਕਾਰੀ ਵੀ ਇਸ ’ਤੇ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੈੱਬਸਾਈਟ ਤੋਂ ਜਾਣਕਾਰੀ ਹਾਸਲ ਕਰਕੇ ਪਾਠਕ ਮੁੱਖ ਦਫ਼ਤਰ ਜਾਂ ਵੱਖ-ਵੱਖ ਜ਼ਿਲ੍ਹਾ ਸਦਰ ਮੁਕਾਮਾਂ ਤੋਂ ਆਪਣੀ ਪਸੰਦ ਦੀਆਂ ਪੁਸਤਕਾਂ ਖਰੀਦ ਸਕਦੇ ਹਨ। ਮਸ਼ੀਨੀ ਬੁੱਧੀਮਾਨਤਾ ਪ੍ਰਾਜੈਕਟ ਅਧੀਨ ਤਿਆਰ ਕੀਤੀਆਂ ਜਾ ਰਹੀਆਂ ਡਿਜ਼ੀਟਲ ਕਿਤਾਬਾਂ ਅਤੇ ਵਿਭਾਗ ਦੇ ਪੁਰਾਣੇ ਰਸਾਲੇ ਵੀ ਇਸ ਵੈੱਬਸਾਈਟ ’ਤੇ ਉਪਲਬਧ ਹਨ।ਇਸ ਵੈੱਬਸਾਈਟ ਵਿੱਚ ਵਿਭਾਗ ਵੱਲੋਂ ਲਈ ਜਾਂਦੀ ਪੰਜਾਬੀ ਪ੍ਰਬੋਧ ਦੀ ਪ੍ਰੀਖਿਆ ਸਬੰਧੀ ਅਤੇ ਸਟੈਨੋਗ੍ਰਾਫੀ ਦੀ ਪੜ੍ਹਾਈ ਸਬੰਧੀ ਵੀ ਜਾਣਕਾਰੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਹੋਰ ਬਹੁਤ ਸਾਰੀਆਂ ਪੁਸਤਕਾਂ ਇਸ ਵੈੱਬਸਾਈਟ ਉਪਰ ਉਪਲਬਧ ਹੋਣਗੀਆਂ। ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਸਬੰਧਤ ਸਕੀਮਾਂ, ਪੰਜਾਬੀ ਭਾਸ਼ਾ ਐਕਟ ਤੇ ਵਿਭਾਗ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਵੀ ਇਸ ਵੈੱਬਸਾਈਟ ’ਤੇ ਉਪਲਬਧ ਹੈ। ਇਸ ਵੈੱਬਸਾਈਟ ਲਈ ਅਹਿਮ ਯੋਗਦਾਨ ਪਾਉਣ ਵਾਲੇ ਖੋਜ ਸਹਾਇਕ ਮਹੇਸ਼ਇੰਦਰ ਸਿੰਘ ਖੋਸਲਾ ਨੇ ਦੱਸਿਆ ਕਿ ਇਸ ਪੁਸਤਕ ਨੂੰ ਤਕਨੀਕੀ ਪੱਖਾਂ ਤੋਂ ਤਿਆਰ ਕਰਨ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਬਦ ਮਾਲਾ ਨਾਮ ਦੇ ਸਾਫਟਵੇਅਰ ਰਾਹੀਂ ਕੋਸ਼ਕਾਰੀ ਨਾਲ ਸਬੰਧਤ ਕਾਰਜ ਨੇਪਰੇ ਚਾੜੇ ਗਏ ਹਨ। ਸਾਹਿਤਕਾਰ ਪ੍ਰੀਤਮ ਸਿੰਘ ਜੌਹਲ ਤੇ ਅਵਤਾਰਜੀਤ ਅਟਵਾਲ ਨੇ ਸਮੁੱਚੇ ਸਾਹਿਤਕਾਰ ਭਾਈਚਾਰੇ ਵੱਲੋਂ ਭਾਸ਼ਾ ਵਿਭਾਗ ਦੇ ਉਕਤ ਉਪਰਾਲੇ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵੈੱਬਸਾਈਟ ਤਿਆਰ ਕਰਨ ਵਾਲੀ ਟੀਮ ਦੇ ਮੁਖੀ ਤੇ ਵਿਭਾਗ ਦੇ ਸਹਾਇਕ ਨਿਰਦੇਸ਼ਕ ਆਲੋਕ ਚਾਵਲਾ, ਅਮਰਿੰਦਰ ਸਿੰਘ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ ਤੇ ਹੋਰ ਸ਼ਖਸ਼ੀਅਤਾਂ ਸ਼ਾਮਲ ਸਨ। ਇਹ ਵੈਬਸਾਈਟ ਇਸ ਲਿੰਕ https://bhashavibhagpunjab.org/ ’ਤੇ ਖੋਲ੍ਹੀ ਦੇਖੀ ਜਾ ਸਕਦੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.