post

Jasbeer Singh

(Chief Editor)

Patiala News

ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਫੂਡ ਸੇਫਟੀ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਜਾਰੀ

post-img

ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਫੂਡ ਸੇਫਟੀ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਜਾਰੀ -ਵੱਖ-ਵੱਖ ਥਾਵਾਂ ਤੋਂ 12 ਸੈਂਪਲ ਭਰੇ, ਮਠਿਆਈ ਦੀ ਫੈਕਟਰੀ 'ਚੋਂ 107 ਕਿਲੋ ਖੋਆ ਬਰਫੀ ਤੇ 25 ਕਿੱਲੋ ਮਿੱਠਾ ਖੋਆ ਵੀ ਜਬਤ, ਇੱਕ ਚਲਾਨ ਵੀ ਕੱਟਿਆ -ਮਠਿਆਈਆਂ ਬਣਾਉਣ ਵਾਲੇ ਖੋਆ, ਪਨੀਰ ਤੇ ਦੁੱਧ ਦਾ ਸਰੋਤ ਜਰੂਰ ਚੈਕ ਕਰਨ, ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਹੋਵੇਗਾ-ਡਾ. ਗੁਰਪ੍ਰੀਤ ਕੌਰ ਪਟਿਆਲਾ, 15 ਅਕਤੂਬਰ 2025 : ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਅਤੇ ਬਿਨ੍ਹਾਂ ਮਿਲਾਵਟ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਭੋਜਨ ਸੁਰੱਖਿਆ ਟੀਮਾਂ ਵੱਲੋਂ ਲਗਾਤਾਰ ਛਾਪਾਮਾਰੀ ਕਰਕੇ ਚੈਕਿੰਗ ਕਰਨ ਸਮੇਤ ਨਮੂਨੇ ਲਏ ਜਾ ਰਹੇ ਹਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬਾਬੂ ਸਿੰਘ ਕਲੋਨੀ ਵਿਖੇ ਮਿਠਿਆਈਆਂ ਬਣਾਉਣ ਦੀ ਇੱਕ ਫੈਕਟਰੀ ਵਿਖੇ ਅਚਨਚੇਤ ਨਿਰੀਖਣ ਕਰਕੇ ਵੱਖ-ਵੱਖ ਥਾਵਾਂ ਤੋਂ 12 ਨਮੂਨੇ ਭਰੇ ਹਨ ਅਤੇ ਗ਼ੈਰ ਮਿਆਰੀ ਜਾਪ ਰਹੀ 107 ਕਿਲੋ ਖੋਆ ਬਰਫੀ ਤੇ 25 ਕਿਲੋ ਮਿੱਠਾ ਖੋਆ ਜਬਤ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਗੁਲਾਬ ਜਾਮਣ, ਰਸਗੁੱਲੇ, ਬਰਫ਼ੀ, ਢੋਡਾ ਬਰਫ਼ੀ, ਛੈਨਾ ਮੁਰਗੀ, ਖੋਆ ਬਰਫ਼ੀ, ਰਸਗੁੱਲੇ ਦੇ 5 ਸੈਂਪਲ ਭਰਨ ਤੋਂ ਇਲਾਵਾ 7 ਹੋਰ ਸੈਂਪਲ ਸ਼ਾਮਲ ਹਨ । ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਫ.ਡੀ.ਏ. ਕਮਿਸ਼ਨਰ ਦਿਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਨ੍ਹਾਂ ਦੀ ਟੀਮ 'ਚ ਸ਼ਾਮਲ ਫੂਡ ਸੇਫਟੀ ਅਫ਼ਸਰ ਤਰੁਣ ਬਾਂਸਲ, ਜਸਵਿੰਦਰ ਸਿੰਘ ਤੇ ਗੌਰਵ ਕੁਮਾਰ ਵੱਲੋਂ ਜਿੱਥੇ ਬਾਹਰਲੇ ਰਾਜਾਂ ਤੋਂ ਮਠਿਆਈ ਤੇ ਪਨੀਰ ਆਦਿ ਫੜਨ ਲਈ ਹਰਿਆਣਾ ਬਾਰਡਰ 'ਤੇ ਰਾਤ ਨੂੰ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ, ਉਥੇ ਹੀ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਮੌਜੂਦਾ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਕਈ ਥਾਵਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ । ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਜਾਂਦੀ ਚੈਕਿੰਗ ਦੌਰਾਨ ਇਹ ਦੇਖਿਆ ਗਿਆ ਕਿ ਜਿਹੜੀਆਂ ਇਕਾਈਆਂ ਵਿੱਚ ਮਠਿਆਈ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ, ਉਥੇ ਅਸੁਰੱਖਿਅਤ ਤੇ ਗ਼ੈਰ ਮਿਆਰੀ ਹਾਲਾਤ ਵਿੱਚ ਖਾਧ ਪਦਾਰਥ ਬਣਾਏ ਜਾ ਰਹੇ ਸਨ, ਇਸ ਲਈ ਇੱਕ ਫੈਕਟਰੀ ਦਾ ਮੌਕੇ 'ਤੇ ਹੀ ਚਲਾਨ (ਅਸੁਰੱਖਿਅਤ ਕਾਰਜਾਂ ਲਈ) ਕੱਟਿਆ ਗਿਆ। ਜਦੋਂਕਿ ਲਗਭਗ 107 ਕਿਲੋਗ੍ਰਾਮ ਸ਼ੱਕੀ ਖੋਆ ਬਰਫ਼ੀ ਸਮੇਤ 25 ਕਿਲੋਗ੍ਰਾਮ ਸ਼ੱਕੀ ਮਿੱਠਾ ਖੋਆ ਜ਼ਬਤ ਕੀਤਾ ਗਿਆ, ਜਿਸ ਨੂੰ ਕਿ ਸਟੇਟ ਫੂਡ ਲੈਬਾਰਟਰੀ, ਖਰੜ ਤੋਂ ਰਿਪੋਰਟ ਆਉਣ ਤੱਕ ਸੁਰੱਖਿਅਤ ਰੱਖਿਆ ਜਾਵੇਗਾ । ਡਾ. ਗੁਰਪ੍ਰੀਤ ਕੌਰ ਨੇ ਮਠਿਆਈਆਂ ਬਣਾਉਣ ਵਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਨੂੰ ਵੇਚਣ ਲਈ ਬਣਾਈ ਜਾ ਰਹੀ ਮਿਠਾਈ ਤੇ ਖੋਆ ਐਫ਼.ਐਸ.ਐਸ.ਏ.ਆਈ. ਦੇ ਸ਼ਡਿਊਲ ਚਾਰ, ਐਫ.ਐਸ.ਐਮ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੰਗੇ ਨਿਰਮਾਣ ਅਭਿਆਸ ਜੀ.ਐਮ.ਪੀ. ਅਤੇ ਚੰਗੇ ਸਫਾਈ ਅਭਿਆਸ ਜੀ.ਐਜ.ਪੀ. ਦਾ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ । ਉਨ੍ਹਾਂ ਕਿਹਾ ਕਿ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਿੱਥੇ ਮਠਿਆਈਆਂ ਬਣ ਰਹੀਆਂ ਹੋਣ ਸਫ਼ਾਈ, ਕਰਮਚਾਰੀਆਂ ਦੀ ਸਫਾਈ, ਸਹੀ ਉਪਕਰਣ ਰੱਖ-ਰਖਾਅ, ਰਿਕਾਰਡ ਰੱਖਣ, ਕੀਟ ਨਿਯੰਤਰਣ ਅਤੇ ਰਹਿੰਦ-ਖੂੰਹਦ ਦੇ ਨਿਪਟਾਰੇ ਦਾ ਖਾਸ ਧਿਆਨ ਦਿੱਤਾ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ । ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਮਠਿਆਈਆਂ ਬਣਾਉਣ ਵਾਲੇ ਛੋਟੇ ਵੱਡੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਗਈ ਹੈ, ਕਿ ਉਹ ਆਪਣੀ ਇਕਾਈ ਵਿੱਚ ਦੁੱਧ, ਪਨੀਰ ਤੇ ਖੋਆ ਜਿੱਥੋਂ ਆ ਰਿਹਾ ਹੈ, ਉਸ ਦਾ ਸਰੋਤ ਪਤਾ ਕਰਨ ਤਾਂ ਕਿ ਲੋਕਾਂ ਨੂੰ ਮਿਲਾਵਟੀ ਅਤੇ ਨਕਲੀ ਪਾਧ ਪਦਾਰਥ ਨਾ ਵੇਚੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੁਤਾਹੀ ਕਰਦਾ ਜਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਪਾਇਆ ਗਿਆ ਤਾਂ ਬਖ਼ਸ਼ਿਆ ਨਹੀਂ ਜਾਵੇਗਾ।

Related Post