
ਆਦੀ ਨਸ਼ਾ ਤਸਕਰ ਪਰਿਵਾਰ ਦੇ ਵਿਰੁੱਧ ਦਰਜ ਹਨ 26 ਮੁਕੱਦਮੇ : ਐਸ.ਐਸ.ਪੀ. ਵਰੁਣ ਸ਼ਰਮਾ
- by Jasbeer Singh
- July 22, 2025

ਆਦੀ ਨਸ਼ਾ ਤਸਕਰ ਪਰਿਵਾਰ ਦੇ ਵਿਰੁੱਧ ਦਰਜ ਹਨ 26 ਮੁਕੱਦਮੇ : ਐਸ.ਐਸ.ਪੀ. ਵਰੁਣ ਸ਼ਰਮਾ ਰੋੜੀਕੁੱਟ ਮੁਹੱਲੇ 'ਚ ਸਰਕਾਰੀ ਜਮੀਨ 'ਤੇ ਮਹਿਲਾ ਨਸ਼ਾ ਤਸਕਰ ਵੱਲੋਂ ਬਣਾਏ ਅਣ-ਅਧਿਕਾਰਤ ਮਕਾਨ 'ਤੇ ਪੁਲਿਸ ਦੀ ਇਮਦਾਦ ਨਾਲ ਚੱਲਿਆ ਪੀਲਾ ਪੰਜਾ -ਕਿਹਾ, ਪਟਿਆਲਾ ਪੁਲਿਸ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ 600 ਤੋਂ ਵੱਧ ਮੁਕੱਦਮੇ ਦਰਜ ਕਰਕੇ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ -ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ, ਨਸ਼ੇ ਵੇਚਕੇ ਬਣਾਈ ਜਾਇਦਾਦ ਜਬਤ ਕੀਤੀ ਜਾਵੇਗੀ ਪਟਿਆਲਾ, 22 ਜੁਲਾਈ 2025 : ਪਟਿਆਲਾ ਪੁਲਿਸ ਨੇ ਨਸ਼ਿਆਂ ਲਈ ਹਾਟ-ਸਪਾਟ ਇਲਾਕੇ ਵਜੋਂ ਜਾਣੇ ਜਾਂਦੇ ਇੱਥੇ ਵਾਰਡ ਨੰਬਰ 33 ਦੇ ਰੋੜੀ ਕੁੱਟ ਮੁਹੱਲੇ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਬਦਨਾਮ ਮਹਿਲਾ ਨਸ਼ਾ ਤਸਕਰ ਦੇ ਪਰਿਵਾਰ ਵੱਲੋਂ ਸਰਕਾਰੀ ਜਮੀਨ 'ਤੇ ਬਣਾਏ ਅਣ-ਅਧਿਕਾਰਤ ਮਕਾਨ ਉਪਰ ਪੀਲਾ ਪੰਜਾ ਚਲਵਾ ਕੇ ਇਸ ਨੂੰ ਢਹਿ ਢੇਰੀ ਕਰਵਾਇਆ ਹੈ। ਇਸ ਮੁਹਿੰਮ ਦੀ ਅਗਵਾਈ ਕਰਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਨਸ਼ੇ ਵੇਚਕੇ ਬਣਾਈ ਗਈ ਜਾਇਦਾਦ ਜਬਤ ਕੀਤੀ ਜਾਵੇਗੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ. ਐਸ. ਪੀ. ਨੇ ਰੋੜੀ ਕੁੱਟ ਮੁਹੱਲੇ ਵਿਖੇ ਕੀਤੀ ਕਾਰਵਾਈ ਬਾਬਤ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਆਪਣੀ ਜੰਗੀ ਪੱਧਰ 'ਤੇ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਅੱਜ ਬਦਨਾਮ ਮਹਿਲਾ ਸਮੱਗਲਰ ਸੀਮਾ, ਉਸਦੇ ਪਤੀ ਸੋਮਪਾਲ ਅਤੇ ਇਸ ਦੇ ਪਰਿਵਾਰ ਵੱਲੋਂ ਲੋਕ ਨਿਰਮਾਣ ਵਿਭਾਗ ਦੀ ਸਰਕਾਰੀ ਜਮੀਨ ਉਪਰ ਬਣਾਈ ਗਈ ਅਣਅਧਿਕਾਰਤ ਰਿਹਾਇਸ਼ ਨੂੰ ਢੁਹਾਇਆ ਹੈ । ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਵਿਰੁੱਧ 26 ਤੋਂ ਵੱਧ ਐਨ. ਡੀ. ਪੀ. ਐਸ. ਦੇ ਮੁਕੱਦਮੇ ਦਰਜ ਹਨ ਅਤੇ ਇਸ ਵੱਲੋਂ ਕੀਤੇ ਗਏ ਨਾਜਾਇਜ਼ ਕਬਜੇ ਨੂੰ ਛੁਡਵਾਉਣ ਲਈ ਸਬੰਧਤ ਵਿਭਾਗ ਨੇ ਪੁਲਿਸ ਇਮਦਾਦ ਦੀ ਮੰਗ ਕੀਤੀ ਸੀ, ਜਿਸ ਲਈ ਪੁਲਿਸ ਨੇ ਸੁਰੱਖਿਆ ਪ੍ਰਦਾਨ ਕਰਵਾਈ ਹੈ। ਸੀਮਾ ਵਿਰੁੱਧ 16 ਅਤੇ ਇਸ ਦੇ ਪਤੀ ਸੋਮਪਾਲ ਵਿਰੁੱਧ 4 ਪਰਚੇ ਅਤੇ ਸੀਮਾ ਦੀ ਸੱਸ ਵਿਰੁੱਧ ਵੀ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ । ਵਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਸ਼ਾ ਤਸਕਰਾਂ ਨੂੰ ਸਖ਼ਤ ਸੁਨੇਹਾ ਦਿੱਤਾ ਗਿਆ ਹੈ ਉਹ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਤੌਬਾ ਆਖ ਕੇ ਚੰਗਾ ਰਸਤਾ ਅਖ਼ਤਿਆਰ ਕਰਨ । ਐਸ. ਐਸ. ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਚੱਲ ਰਹੀ ਮੁਹਿੰਮ ਤਹਿਤ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚਲਦਿਆਂ ਪਟਿਆਲਾ ਪੁਲਿਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖੇਗੀ । ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਦੀ ਦਲਦਲ 'ਚ ਫਸੇ ਵਿਅਕਤੀਆਂ ਦੀ ਨਸ਼ਾ ਮੁਕਤੀ ਲਈ ਵੀ ਪਟਿਆਲਾ ਪੁਲਿਸ ਵਚਨਬੱਧ ਹੈ ਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾ ਇਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ । ਇਸ ਮੌਕੇ ਐਸ. ਪੀ. ਵੈਭਵ ਚੌਧਰੀ, ਐਸ. ਪੀ. ਪਲਵਿੰਦਰ ਸਿੰਘ ਚੀਮਾ, ਡੀ. ਐਸ. ਪੀ. ਸਤਨਾਮ ਸਿੰਘ ਤੇ ਮਨੋਜ ਗੋਰਸੀ, ਐਸ. ਐਚ. ਓ. ਜਸਪ੍ਰੀਤ ਸਿੰਘ ਤੇ ਸ਼ਿਵਰਾਜ ਸਿੰਘ ਢਿੱਲੋ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ । ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਵੀ ਸ਼ਲਾਘਾ ਕੀਤੀ, ਨਸ਼ਾ ਮੁਕਤੀ ਮੋਰਚੇ ਦੇ ਹਲਕਾ ਕੋਆਰਡੀਨੇਟਰ ਦਵਿੰਦਰਪਾਲ ਸਿੰਘ ਮਿੱਕੀ ਨੇ ਇਸ ਮੌਕੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਉਹ ਨਸ਼ਿਆਂ ਦੇ ਆਦੀ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ ।