ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਨੇ ਕੀਤਾ ਗ੍ਰਿਫ਼ਤਾਰ
- by Jasbeer Singh
- March 10, 2026
ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਨੇ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ 10 ਮਾਰਚ 2026 : ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ । ਕਿਥੇ ਤਾਇਨਾਤ ਸੀ ਏ. ਐਸ. ਆਈ. ਪੰਜਾਬ ਵਿਜੀਲੈਂਸ ਬਿਊਰੋ ਨੇ ਜਿਸ ਏ. ਐਸ. ਆਈ. ਰੈਂਕ ਦੇ ਪੁਲਸ ਅਧਿਕਾਰੀਆਂ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਉਹ ਪੁਲਸ ਡਿਵੀਜ਼ਨ ਨੰਬਰ-2, ਕਮਿਸ਼ਨਰੇਟ ਜਲੰਧਰ ਵਿਖੇ ਤਾਇਨਾਤ ਸੀ । ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕੀ ਜਾਣਕਾਰੀ ਦਿੱਤੀ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਗਾਂਧੀ ਕੈਂਪ, ਜਲੰਧਰ ਦੇ ਇੱਕ ਨਿਵਾਸੀ ਦੁਆਰਾ ਦਰਜ ਕੀਤੀ ਗਈ ਸਿ਼ਕਾਇਤ ਦੇ ਅਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਸਿ਼ਕਾਇਤਕਰਤਾ ਜੋਤਸ਼ੀ ਵਜੋਂ ਕੰਮ ਕਰਦਾ ਹੈ ਅਤੇ ਉਸਦੀ ਸਿ਼਼ਕਾਇਤ ਦੇ ਅਧਾਰ ਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਸ ਨੇ ਉਸਦੇ ਗੁਆਂਢੀ ਵਿਜੇ ਰਾਜ ਉਰਫ਼ ਪਾਲੀ ਨੂੰ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਸਿ਼ਕਾਇਤਕਰਤਾ ਵਿਜੇ ਰਾਜ ਉਰਫ਼ ਪਾਲੀ ਦੀ ਭੈਣ ਅਤੇ ਇਲਾਕਾ ਮੁਖੀ ਦੇ ਨਾਲ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 2 ਗਿਆ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਜੇ ਰਾਜ ਉਰਫ਼ ਪਾਲੀ ਵਿਰੁੱਧ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਕੀਤਾ ਗਿਆ ਹੈ। ਏ. ਐਸ. ਆਈ. ਨੇ ਮੰਗੀ ਸੀ ਕਿੰਨੀ ਰਿਸ਼ਵਤ ਉਨ੍ਹਾਂ ਅੱਗੇ ਦੱਸਿਆ ਕਿ ਦੋ ਦਿਨ ਬਾਅਦ ਦੋਸ਼ੀ ਏ. ਐਸ. ਆਈ. ਨੇ ਸਿ਼ਕਾਇਤਕਰਤਾ ਨੂੰ ਫ਼ੋਨ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਪੁਲਿਸ ਸਟੇਸ਼ਨ ਆ ਕੇ ਉਸਨੂੰ ਨਹੀਂ ਮਿਲਿਆ, ਤਾਂ ਉਸਦਾ ਨਾਮ ਵੀ ਮਾਮਲੇ ਵਿੱਚ ਫਸਾਇਆ ਜਾਵੇਗਾ । ਇਸ ਤੋਂ ਬਾਅਦ ਜਦੋਂ ਸਿ਼ਕਾਇਤਕਰਤਾ ਦਾ ਛੋਟਾ ਭਰਾ, ਬਲਵੰਤ, ਅਤੇ ਇਲਾਕਾ ਮੁਖੀ, ਅਮਿਤ ਕੁਮਾਰ ਉਰਫ਼ ਲਵਲੀ ਭਗਤ ਪੁਲਸ ਸਟੇਸ਼ਨ ਡਵੀਜ਼ਨ ਨੰਬਰ 2 ਵਿਖੇ ਦੋਸ਼ੀ ਏ. ਐਸ. ਆਈ. ਨਾਲ ਮਿਲੇ ਤਾਂ ਦੋਸ਼ੀ ਨੇ ਸਿ਼ਕਾਇਤਕਰਤਾ ਨੂੰ ਮਾਮਲੇ ਵਿੱਚ ਨਾ ਫਸਾਉਣ ਦੇ ਬਦਲੇ 50,000 ਦੀ ਰਿਸ਼ਵਤ ਦੀ ਮੰਗ ਕੀਤੀ । ਰਿਸ਼ਵਤ ਘਟਾ ਕੇ ਕਰ ਦਿੱਤੀ ਗਈ ਸੀ 20 ਹਜ਼ਾਰ ਸਿ਼ਕਾਇਤਕਰਤਾ ਦੇ ਛੋਟੇ ਭਰਾ, ਬਲਵੰਤ, ਅਤੇ ਅਮਿਤ ਕੁਮਾਰ ਉਰਫ਼ ਲਵਲੀ ਭਗਤ ਦੇ ਕਹਿਣ ‘ਤੇ, ਦੋਸ਼ੀ ਨੇ ਰਿਸ਼ਵਤ ਦੀ ਰਕਮ ਘਟਾ ਕੇ 20 ਹਜ਼ਾਰ ਕਰ ਦਿੱਤੀ। ਮਜਬੂਰੀ ਕਾਰਨ ਉਨ੍ਹਾਂ ਨੇ ਮੌਕੇ ‘ਤੇ ਹੀ ਦੋਸ਼ੀ ਨੂੰ 10,000 ਅਦਾ ਕਰ ਦਿੱਤੇ। ਹਾਲਾਂਕਿ, ਦੋਸ਼ੀ ਬਾਕੀ 10 ਹਜ਼ਾਰ ਦੀ ਮੰਗ ਕਰਨ ‘ਤੇ ਅੜਿਆ ਰਿਹਾ । ਜਦੋਂ ਉਨ੍ਹਾਂ ਨੇ ਬਾਕੀ ਰਕਮ ਦੇਣ ਤੋਂ ਅਸਮਰੱਥਾ ਪ੍ਰਗਟਾਈ, ਤਾਂ ਦੋਸ਼ੀ ਬਾਅਦ ਵਿੱਚ 8 ਹਜ਼ਾਰ ਲੈਣ ਲਈ ਸਹਿਮਤ ਹੋ ਗਿਆ। ਸਿ਼ਕਾਇਤਕਰਤਾ ਨੇ ਰਿਸ਼ਵਤ ਮੰਗ ਸੰਬੰਧੀ ਗੱਲਬਾਤ ਰਿਕਾਰਡ ਕੀਤੀ। ਜਾਲ ਵਿਛਾ ਕੀਤਾ ਵਿਜੀਲੈਂਸ ਨੇ ਏ. ਐਸ. ਆਈ. ਨੂੰ ਕਾਬੂ ਸਿ਼ਕਾਇਤਕਰਤਾ ਰਿਸ਼ਵਤ ਦੇਣ ਲਈ ਤਿਆਰ ਨਹੀਂ ਸੀ, ਇਸ ਲਈ ਉਸਨੇ ਵਿਜੀਲੈਂਸ ਬਿਊਰੋ ਰੇਂਜ, ਜਲੰਧਰ ਨਾਲ ਸੰਪਰਕ ਕੀਤਾ। ਉਸਦੀ ਸਿ਼ਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ, ਜਿਸ ਦੌਰਾਨ ਦੋਸ਼ੀ ਏ. ਐਸ. ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸਿ਼ਕਾਇਤਕਰਤਾ ਤੋਂ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ।
