post

Jasbeer Singh

(Chief Editor)

Patiala News

ਏ. ਡੀ. ਸੀ. ਸਿਮਰਪ੍ਰੀਤ ਕੌਰ ਵਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀਂ ਮੀਟਿੰਗ

post-img

ਏ. ਡੀ. ਸੀ. ਸਿਮਰਪ੍ਰੀਤ ਕੌਰ ਵਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀਂ ਮੀਟਿੰਗ ਪਟਿਆਲਾ ਵਿਖੇ ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਲਹਿਰਾਉਣਗੇ ਤਿਰੰਗਾ ਝੰਡਾ-ਡਾ. ਪ੍ਰੀਤੀ ਯਾਦਵ ਪਟਿਆਲਾ, 9 ਜਨਵਰੀ 2026 : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੇਸ਼ ਦੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਪਟਿਆਲਾ ਵਿਖੇ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੀਤਾ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਪੋਲੋ ਗਰਾਊਂਡ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਗਮ 'ਚ ਵਧ ਚੜ੍ਹਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਗਣਤੰਤਰ ਦਿਵਸ ਦੇ ਪਟਿਆਲਾ ਵਿਖੇ ਇਸ ਵਾਰ ਹੋ ਰਹੇ ਰਾਜ ਪੱਧਰੀ ਸਮਾਰੋਹ ਦੀਆਂ ਤਿਆਰੀਆਂ ਬਾਬਤ ਬੈਠਕ ਕਰਦਿਆਂ ਏ.ਡੀ.ਸੀ (ਜ) ਸਿਮਰਪ੍ਰੀਤ ਕੌਰ ਨੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਮੁਤਾਬਕ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਤਿਰੰਗਾ ਝੰਡਾ ਲਹਿਰਾਉਣ ਬਾਅਦ ਸੂਬਾ ਨਿਵਾਸੀਆਂ ਦੇ ਨਾਮ ਸੰਦੇਸ਼ ਦੇਣਗੇ, ਪਰੇਡ ਦਾ ਨਿਰੀਖਣ ਕਰਨ ਬਾਅਦ ਮਾਰਚ ਪਾਸਟ ਤੋਂ ਸਲਾਮੀ ਲੈਣਗੇ ਅਤੇ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕਰਨਗੇ । ਸਿਮਰਪ੍ਰੀਤ ਕੌਰ ਨੇ ਸਮਾਗਮ ਲਈ ਸ਼ਾਨਦਾਰ ਪ੍ਰੇਡ, ਮਾਰਚ ਪਾਸਟ, ਸੱਭਿਆਚਾਰਕ ਪ੍ਰੋਗਰਾਮ, ਗਿੱਧਾ, ਭੰਗੜਾ, ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਨੂੰ ਦਰਸਾਉਂਦੀਆਂ ਝਾਕੀਆਂ ਦੀਆਂ ਤਿਆਰੀਆਂ ਸਮੇਤ ਸਾਫ਼-ਸਫ਼ਾਈ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ । ਏ. ਡੀ. ਸੀ. ਨੇ ਆਦੇਸ਼ ਦਿੱਤੇ ਕਿ ਇਸ ਸਮਾਗਮ ਦੌਰਾਨ ਜਿੱਥੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਉਥੇ ਹੀ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਸਮੇਤ ਸਮੁੱਚੇ ਪ੍ਰਬੰਧ ਸੁਚਾਰੂ ਅਤੇ ਖੂਬਸੂਰਤ ਢੰਗ ਨਾਲ ਸਿਰ ਨੇਪਰੇ ਚੜ੍ਹਾਏ ਜਾਣ। ਉਨ੍ਹਾਂ ਨੇ ਹਦਾਇਤ ਕੀਤੀ ਕਿ ਇਹ ਇੱਕ ਅਹਿਮ ਸਮਾਗਮ ਹੈ, ਇਸ ਲਈ ਇਸ ਦੇ ਪ੍ਰਬੰਧਾਂ 'ਚ ਕੋਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਵਿਭਾਗਾਂ ਦੇ ਮੁਖੀ ਸਮੁਚੇ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਕਰਨੀ ਯਕੀਨੀ ਬਣਾਉਣ । ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ, ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

Related Post

Instagram