

ਮੁੰਬਈ ਦੇ ਮਲਾਡ ਇਲਾਕੇ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਆਈਸਕ੍ਰੀਮ ਕੋਨ ਵਿੱਚ ਨਹੁੰ ਸਮੇਤ ਮਾਸ ਦਾ ਟੁਕੜਾ ਮਿਲਿਆ ਹੈ। ਉਸ ਨੇ ਆਈਸਕ੍ਰੀਮ ਆਨਲਾਈਨ ਮੰਗਵਾਈ ਸੀ। ਹਾਲਾਂਕਿ ਇਹ ਮਨੁੱਖੀ ਉਂਗਲ ਦਾ ਟੁਕੜਾ ਲੱਗਦਾ ਹੈ ਤੇ ਇਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। 26 ਸਾਲਾ ਸ਼ਿਕਾਇਤਕਰਤਾ ਡਾਕਟਰ, ਜੋ ਮਲਾਡ ਪੱਛਮ ਵਿੱਚ ਰਹਿੰਦਾ ਹੈ, ਨੇ ਬਟਰਸਕੌਚ ਆਈਸ-ਕ੍ਰੀਮ ਕੋਨ ਦਾ ਆਰਡਰ ਦਿੱਤਾ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਆਈਸਕ੍ਰੀਮ ਖਾਂਦੇ ਸਮੇਂ, ਉਸ ਵਿੱਚ ਨਹੁੰ ਦੇ ਨਾਲ ਮਾਸ ਦਾ ਇੰਚ ਲੰਬਾ ਟੁਕੜਾ ਨਜ਼ਰ ਆਇਆ। ਉਸ ਨੇ ਆਈਸਕ੍ਰੀਮ ਕੰਪਨੀ ਨੂੰ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ਿਕਾਇਤ ਦਰਜ ਕਰਵਾਈ ਪਰ ਕੰਪਨੀ ਵੱਲੋਂ ਕੋਈ ਢੁਕਵਾਂ ਜਵਾਬ ਨਹੀਂ ਮਿਲਿਆ ਤੇ ਸ਼ਿਕਾਇਤਕਰਤਾ ਨੇ ਮਾਸ ਦੇ ਟੁਕੜੇ ਨੂੰ ਬਰਫ਼ ਦੇ ਬੈਗ ਵਿੱਚ ਪਾ ਦਿੱਤਾ ਅਤੇ ਮਲਾਡ ਥਾਣੇ ਪੁੱਜ ਗਿਆ। ਉਸ ਨੇ ਦੱਸਿਆ ਕਿ ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ ਯੂਮੋ ਆਈਸਕ੍ਰੀਮ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।