

ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਮਾਮੂਲੀ ਕਮੀ ਨਾਲ ਪਰਚੂਨ ਮਹਿੰਗਾਈ ਮਈ ਵਿਚ ਘਟ ਕੇ 4.75 ਫ਼ੀਸਦ ’ਤੇ ਆ ਗਈ ਹੈ, ਜੋ ਪਿਛਲੇ ਇਕ ਸਾਲ ਵਿਚ ਹੇਠਲਾ ਪੱਧਰ ਹੈ। ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਅਧਾਰਿਤ ਪਰਚੂਨ ਮਹਿੰਗਾਈ ਅਪਰੈਲ 2024 ਵਿਚ 4.83 ਫ਼ੀਸਦ ਤੇ ਮਈ 2023 ਵਿਚ 4.31 ਫ਼ੀਸਦ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਈ ਵਿਚ ਖੁਰਾਕੀ ਵਸਤਾਂ ਦੀ ਮਹਿੰਗਾਈ 8.69 ਫ਼ੀਸਦ ਰਹੀ, ਜੋ ਅਪਰੈਲ ਵਿਚ 8.70 ਫ਼ੀਸਦ ਸੀ। ਕੁੱਲ ਮਹਿੰਗਾਈ ਵਿਚ ਫਰਵਰੀ 2024 ’ਚ ਲਗਾਤਾਰ ਕਮੀ ਆਈ ਹੈ। ਇਹ ਫਰਵਰੀ ਵਿਚ 5.1 ਫ਼ੀਸਦ ਸੀ ਤੇ ਅਪਰੈਲ 2024 ਵਿਚ ਘਟ ਕੇ 4.8 ਫ਼ੀਸਦ ਰਹਿ ਗਈ। ਸਰਕਾਰ ਨੇ ਆਰਬੀਆਈ ਨੂੰ ਸੀਪੀਆਈ ਅਧਾਰਿਤ ਮਹਿੰਗਾਈ ਨੂੰ ਦੋ ਫ਼ੀਸਦ ਵਧ-ਘਟ ਦੇ ਨਾਲ ਚਾਰ ਫ਼ੀਸਦ ਦੇ ਅੰਕੜੇ ’ਤੇ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੈ।