ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੋ ਸਕੂਲਾਂ ਦੇ ਸਿਵਲ ਵਰਕਸ ਦੀ ਅਚਨਚੇਤ ਚੈਕਿੰਗ
- by Jasbeer Singh
- April 23, 2026
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੋ ਸਕੂਲਾਂ ਦੇ ਸਿਵਲ ਵਰਕਸ ਦੀ ਅਚਨਚੇਤ ਚੈਕਿੰਗ ਤਕਨੀਕੀ ਮਾਪਦੰਡਾਂ ਅਤੇ ਗੁਣਵੱਤਾ ‘ਤੇ ਜ਼ੋਰ, ਲਾਪਰਵਾਹੀ ਬਰਦਾਸ਼ਤ ਨਹੀਂ: ਰਾਜਦੀਪ ਸਿੰਘ ਬਰਾੜ ਅਹਿਮਦਗੜ੍ਹ/ਮਾਲੇਰਕੋਟਲਾ, 23 ਅਪ੍ਰੈਲ 2026 : ਸਮੱਗਰ ਸਿੱਖਿਆ ਅਭਿਆਨ ਤਹਿਤ ਚੱਲ ਰਹੇ ਬੁਨਿਆਦੀ ਢਾਂਚੇ ਦੇ ਸੁਧਾਰ ਕਾਰਜਾਂ ਦੀ ਗੁਣਵੱਤਾ ਅਤੇ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਵੱਲੋਂ ਸਰਕਾਰੀ ਹਾਈ ਸਕੂਲ ਅਮਰਪੁਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰਾ ਵਿਖੇ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਰੀਬ 56 ਲੱਖ 67 ਹਜ਼ਾਰ ਰੁਪਏ ਦੀ ਲਾਗਤ ਨਾਲ ਚੱਲ ਰਹੇ ਸਿਵਲ ਵਰਕਸ ਦਾ ਮੌਕੇ ‘ਤੇ ਨਿਰੀਖਣ ਕਰਦਿਆਂ ਕੰਮ ਦੀ ਗੁਣਵੱਤਾ, ਤਕਨੀਕੀ ਮਾਪਦੰਡਾਂ ਅਤੇ ਸਮੇਂਬੱਧਤਾ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ। ਜਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਅਮਰਪੁਰਾ ਵਿਖੇ 41 ਲੱਖ 67 ਹਜਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰਾ ਵਿਖੇ 15 ਲੱਖ ਰੁਪਏ ਦੇ ਵਿਕਾਸ ਕਾਰਜ ਆਰੰਭੇ ਗਏ ਹਨ । ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਹਰ ਪੜਾਅ ‘ਤੇ ਤਕਨੀਕੀ ਮਿਆਰਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵਿਦਿਆਰਥੀਆਂ ਦੇ ਭਵਿੱਖ ਨਾਲ ਸਿੱਧੇ ਤੌਰ ‘ਤੇ ਜੁੜੀ ਹੋਈ ਹੈ, ਇਸ ਲਈ ਕੰਮ ਦੀ ਗੁਣਵੱਤਾ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਚੈਕਿੰਗ ਦੌਰਾਨ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਿੱਖਿਆ ਪ੍ਰਤੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਾਮੁਕਤੀ ਅਤੇ ਜਨਗਣਨਾ ਸਬੰਧੀ ਜਾਗਰੂਕ ਕਰਦਿਆਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਉਤਸ਼ਾਹਿਤ ਕੀਤਾ । ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਨਾਲ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਪ੍ਰਾਪਤ ਹੋ ਰਹੀਆਂ ਹਨ ।
