 
                                              
                              ਯੂਟੀ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿਚ 13 ਜੂਨ ਤੋਂ ਦਾਖਲੇ ਸ਼ੁਰੂ ਹੋਣਗੇ। ਇਸ ਸਬੰਧੀ ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਕਾਊਂਸਲ ਨੇ ਸਬਜੈਕਟ ਕੰਬੀਨੇਸ਼ਨ (ਵਿਸ਼ਿਆਂ ਦੀ ਚੋਣ) ’ਤੇ ਇਤਰਾਜ਼ ਦੂਰ ਕਰ ਲਏ ਹਨ ਪਰ ਕਈ ਵਿਸ਼ਿਆਂ ਵਿਚ ਹਾਲੇ ਵੀ ਸਪਸ਼ਟੀਕਰਨ ਨਾ ਮਿਲਣ ਕਾਰਨ ਉਚ ਸਿੱਖਿਆ ਵਿਭਾਗ ਨੇ ਪ੍ਰਾਸਪੈਕਟਸ ਜਾਰੀ ਨਹੀਂ ਕੀਤਾ। ਹੁਣ ਇਹ ਪ੍ਰਾਸਪੈਕਟਸ 12 ਜਾਂ 13 ਜੂਨ ਨੂੰ ਰਿਲੀਜ਼ ਕਰਨ ਦੀ ਸੰਭਾਵਨਾ ਹੈ ਕਿਉਂਕਿ ਸੋਮਵਾਰ ਤਕ ਚੰਡੀਗੜ੍ਹ ਵਿਚ ਛੁੱਟੀਆਂ ਹੋਣ ਕਾਰਨ ਪ੍ਰਾਸਪੈਕਟਸ ਅਗਲੇ ਹਫਤੇ ਹੀ ਜਾਰੀ ਹੋਵੇਗਾ। ਕਾਲਜਾਂ ਵਿਚ ਦਾਖਲੇ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ ਪਹਿਲੀ ਜੁਲਾਈ ਹੋਵੇਗੀ। ਜਾਣਕਾਰੀ ਅਨੁਸਾਰ ਅਕਾਦਮਿਕ ਕਾਊਂਸਲ ਦੀ ਮੀਟਿੰਗ ਪੰਜਾਬ ਯੂਨੀਵਰਸਿਟੀ ਵਿਚ ਪੰਜ ਜੂਨ ਨੂੰ ਹੋਈ ਸੀ ਡਾਇਰੈਕਟਰ ਹਾਇਰ ਐਜੂਕੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਤੇ ਨਿੱਜੀ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਅਗਲੇ ਹਫਤੇ ਜਾਰੀ ਕੀਤਾ ਜਾਵੇਗਾ। ਸਰਕਾਰੀ ਕਾਲਜ ਸੈਕਟਰ-11 ਨੇ ਤਿਆਰ ਕੀਤਾ ਪ੍ਰਾਸਪੈਕਟਸ ਇਸ ਵਾਰ ਪ੍ਰਾਸਪੈਕਟਸ ਤਿਆਰ ਕਰਨ ਦਾ ਜ਼ਿੰਮਾ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਨੂੰ ਸੌਂਪਿਆ ਗਿਆ ਹੈ। ਇਸ ਕਾਲਜ ਦੇ ਸੀਨੀਅਰ ਪ੍ਰੋਫੈਸਰ ਨੇ ਦੱਸਿਆ ਕਿ ਉਨ੍ਹਾਂ ਨੇ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ 10 ਜੂਨ ਨੂੰ ਜਾਰੀ ਕਰਨਾ ਸੀ ਪਰ ਪੰਜਾਬ ਯੂਨੀਵਰਸਿਟੀ ਨੇ ਹਾਲੇ ਵੀ ਕਈ ਸਬਜੈਕਟ ਕੰਬੀਨੇਸ਼ਨਾਂ ਬਾਰੇ ਸਪਸ਼ਟ ਨਹੀਂ ਕੀਤਾ। ਚੰਡੀਗੜ੍ਹ ਵਿਚ ਅੱਜ ਸ਼ਨਿਚਰਵਾਰ ਤੇ ਭਲਕੇ ਐਤਵਾਰ ਦੀ ਛੁੱਟੀ ਹੈ ਤੇ 11 ਜੂਨ ਨੂੰ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੁਰਬ ਸਬੰਧੀ ਛੁੱਟੀ ਕਰ ਦਿੱਤੀ ਗਈ ਹੈ। ਜੇ ਪੰਜਾਬ ਯੂਨੀਵਰਸਿਟੀ 12 ਜੂਨ ਨੂੰ ਸਪਸ਼ਟ ਕਰ ਕੇ ਉਚ ਸਿੱਖਿਆ ਵਿਭਾਗ ਨੂੰ ਸੂਚਿਤ ਕਰਦੀ ਹੈ ਤਾਂ ਉਸੇ ਦਿਨ ਕਾਲਜਾਂ ਦਾ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਜਾਵੇਗਾ। ਪੰਜਾਬ ਯੂਨੀਵਰਸਿਟੀ 13 ਜੂਨ ਤਕ ਹਰ ਹਾਲ ਵਿਚ ਰਹਿੰਦੇ ਸਬਜੈਕਟ ਕੰਬੀਨੇਸ਼ਨ ਲਈ ਸਪਸ਼ਟ ਕਰ ਦੇਵੇਗੀ ਜਿਸ ਕਾਰਨ 13 ਨੂੰ ਹੀ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਜਾਵੇਗਾ। ਇਹ ਪ੍ਰਾਸਪੈਕਟਸ ਚੰਡੀਗੜ੍ਹ ਸਿੱਖਿਆ ਵਿਭਾਗ ਤੇ ਸਪਿਕ ਦੀ ਵੈਬਸਾਈਟ ’ਤੇ ਉਸੇ ਵੇਲੇ ਉਪਲਬਧ ਕਰ ਦਿੱਤਾ ਜਾਵੇਗਾ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     