

ਮੁਹਾਲੀ ਹਵਾਈ ਅੱਡੇ ’ਤੇ ਭਾਜਪਾ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਤੌਰ ’ਤੇ ਸੀਆਈਐੱਸਐਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਮਾਮਲੇ ’ਚ ਇਕਤਰਫਾ ਕਾਰਵਾਈ ਕੀਤੇ ਜਾਣ ਦੇ ਵਿਰੋਧ ’ਚ ਭਾਰਤੀ ਕਿਸਾਨ ਏਕਤਾ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਕਿਸਾਨਾਂ ਨੇ ਰਾਸ਼ਟਰਪਤੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਭਾਰਤੀ ਕਿਸਾਨ ਏਕਤਾ ਤੇ ਸੰਯੁਕਤ ਕਿਸਾਨ ਮੋਰਚਾ (ਗੈਸ ਸਿਆਸੀ) ਨਾਲ ਜੁੜੇ ਕਿਸਾਨ ਅੱਜ ਨਹਿਰੂ ਪਾਰਕ ’ਚ ਇਕੱਠੇ ਹੋਏ। ਨਹਿਰੂ ਪਾਰਕ ’ਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਈ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਕਿਸਾਨਾਂ ਅਤੇ ਕਿਸਾਨ ਪਰਿਵਾਰਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਦੇ ਰਹਿਣਾ ਭਾਜਪਾ ਆਗੂਆਂ ਦਾ ਸੁਭਾਅ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੰਗਨਾ ਰਣੌਤ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਜੁੜੀ ਹੋਈ ਹੈ। ਹੁਣ ਉਸ ਨੇ ਆਪਣੀ ਡਿਊਟੀ ਕਰ ਰਹੀ ਸੀਆਈਐੱਸਐੱਫ ਦੀ ਕਾਂਸਟੇਬਲ ਕੁਲਵਿੰਦਰ ਕੌਰ ’ਤੇ ਥੱਪੜ ਮਾਰਨ ਦੇ ਦੋਸ਼ ਲਾਏ ਹਨ ਜਦੋਂਕਿ ਕੁਲਵਿੰਦਰਦ ਕੌਰ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਪਿਛਲੇ 16 ਸਾਲਾਂ ਤੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੀ ਹੈ। ਉਹ ਢਾਈ ਸਾਲਾਂ ਤੋਂ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਮੁਹਾਲੀ ’ਤੇ ਤਾਇਨਾਤ ਹੈ। ਇੰਨੇ ਲੰਬੇ ਸਮੇਂ ’ਚ ਉਸ ਖ਼ਿਲਾਫ਼ ਇਕ ਵੀ ਸ਼ਿਕਾਇਤ ਨਹੀਂ ਆਈ ਹੈ। ਫਿਰ ਕੰਗਨਾ ਰਣੌਤ ਨਾਲ ਅਜਿਹਾ ਕਿਉਂ ਹੋਇਆ, ਇਹ ਜਾਣਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਸਚਾਈ ਛੁਪਾ ਰਿਹਾ ਹੈ। ਔਲਖ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨ ਕੁਲਵਿੰਦਰ ਕੌਰ ਦੇ ਨਾਲ ਖੜ੍ਹੇ ਹਨ। ਉਸ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।