ਅਹਿਮਦਾਬਾਦ ਦੀਆਂ `ਬਾਈਕਰ ਦਾਦੀਆਂ` ਇੰਟਰਨੈੱਟ `ਤੇ ਛਾਈਆਂ ਅਹਿਮਦਾਬਾਦ, 10 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਦੀਆਂ ਸੜਕਾਂ `ਤੇ ਸਕੂਟਰ ਦੌੜਾਉਣ ਵਾਲੀ 87 ਸਾਲਾ ਮੰਦਾਕਿਨੀ ਸ਼ਾਹ ਅਤੇ ਉਸਦੀ 84 ਸਾਲਾ ਭੈਣ ਉਸ਼ਾਬੇਨ ਲਈ ਉਮਰ ਸਿਰਫ ਇਕ ਗਿਣਤੀ ਹੈ। ਉਨ੍ਹਾਂ ਨੂੰ ਇੰਟਰਨੈੱਟ `ਤੇ `ਬਾਈਕਰ ਦਾਦੀਆਂ` ਦੇ ਨਾਂ ਨਾਲ ਖੂਬ ਸ਼ੌਹਰਤ ਮਿਲ ਰਹੀ ਹੈ। ਮੰਦਾਕਿਨੀ ਉਰਫ ਮੰਦਾਬੇਨ ਸਕੂਟਰ ਚਲਾਉਂਦੀ ਹੈ ਜਦਕਿ ਉਸ਼ਾਬੇਨ `ਸਾਈਡਕਾਰ` ਵਿਚ ਬੈਠਦੀ ਹੈ । ਉਨ੍ਹਾਂ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕ ਬਾਲੀਵੁੱਡ ਦੀ ਮਸ਼ਹੂਰ ਫਿਲਮ `ਸ਼ੋਲੇ` ਦੇ ਜੈ ਅਤੇ ਵੀਰੂ (ਅਮਿਤਾਭਬੱਚਨ ਅਤੇ ਧਰਮਿੰਦਰ) ਨਾਲ ਉਨ੍ਹਾਂ ਦੀ ਤੁਲਨਾ ਕਰ ਰਹੇ ਹਨ। ਉਸਨੂੰ ਹਮੇਸ਼ਾ ਮੋਟਰਸਾਈਕਲ ਅਤੇ ਸਕੂਟਰ ਚਲਾਉਣ ਦਾ ਸ਼ੌਕ ਸੀ : ਮੰਦਾਬੇਨ ਸੂਤੀ ਸਾੜੀਆਂ ਪਹਿਨੀਆਂ ਇਨ੍ਹਾਂ ਭੈਣਾਂ ਨੂੰ ਸੜਕਾਂ `ਤੇ ਟ੍ਰੈਫਿਕ ਵਿਚੋਂ ਲੰਘਦੇ ਦੇਖਣਾ ਸਸ਼ਕਤੀਕਰਨ ਦੀ ਇਕ ਪ੍ਰੇਰਨਾਦਾਇਕ ਤਸਵੀਰ ਪੇਸ਼ ਕਰਦਾ ਹੈ । 6 ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਅਤੇ ਇਕ ਆਜ਼ਾਦੀ ਘੁਲਾਟੀਏ ਦੀ ਧੀ ਮੰਦਾਬੇਨ ਨੇ ਕਿਹਾ ਕਿ ਉਸਨੂੰ ਹਮੇਸ਼ਾ ਮੋਟਰਸਾਈਕਲ ਅਤੇ ਸਕੂਟਰ ਚਲਾਉਣ ਦਾ ਸ਼ੌਕ ਸੀ । ਮੰਦਾਬੇਨ ਜੋ ਕਿ ਇਕ ਸਾਬਕਾ ਅਧਿਆਪਕਾ ਹੈ ਅਤੇ ਉਸਨੇ ਵਿਆਹ ਨਹੀਂ ਕਰਵਾਇਆ ਹੈ। ਉਸਨੇ ਦੱਸਿਆ ਕਿ ਮੈਂ 62 ਸਾਲ ਦੀ ਉਮਰ ਵਿਚ ਸਕੂਟਰ ਚਲਾਉਣਾ ਸਿੱਖਿਆ ਅਤੇ ਅਜੇ ਵੀ ਬਿਨਾਂ ਕਿਸੇ ਸਮੱਸਿਆ ਦੇ ਚਲਾਉਂਦੀ ਹਾਂ।
