
ਸ਼ੰਭੂ ਬਾਰਡਰ ਤੇ 31 ਨੂੰ ਹੋ ਰਹੀ ਮਹਾਂ-ਪੰਚਾਇਤਾਂ 'ਚ ਕਿਸਾਨਾਂ ਨੂੰ ਆਗੂਆਂ ਦੇ ਵਿਚਾਰ ਸੁਣਨ ਦੀ ਅਪੀਲ
- by Jasbeer Singh
- August 28, 2024

ਸ਼ੰਭੂ ਬਾਰਡਰ ਤੇ 31 ਨੂੰ ਹੋ ਰਹੀ ਮਹਾਂ-ਪੰਚਾਇਤਾਂ 'ਚ ਕਿਸਾਨਾਂ ਨੂੰ ਆਗੂਆਂ ਦੇ ਵਿਚਾਰ ਸੁਣਨ ਦੀ ਅਪੀਲ ਸ਼ੰਭੂ ਬਾਰਡਰ ਤੇ 31 ਅਗਸਤ ਨੂੰ ਵੱਡੀ ਗਿਣਤੀ ਕਿਸਾਨ ਹੋਣਗੇ ਸ਼ਾਮਲ :- ਰਣਜੀਤ ਸਿੰਘ ਘਨੌਰ : ਅੱਜ ਗੁਰਦੁਆਰਾ ਕਾਰ ਸੇਵਾ ਘਨੌਰ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਆਕੜ ਦੀ ਅਗਵਾਈ ਹੇਠ ਕਿਸਾਨਾਂ ਦੀ ਲਾਮਬੰਦੀ ਲਈ ਇਕ ਹੰਗਾਮੀ ਮੀਟਿੰਗ ਹੋਈ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਜੱਥੇਬੰਦੀ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵੀ ਸ਼ਾਮਿਲ ਹੋਏ ਅਤੇ ਆਲ਼ੇ ਦੁਆਲ਼ੇ ਦੇ ਪਿੰਡਾਂ ਵਿੱਚੋਂ ਕਿਸਾਨ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਮੌਕੇ ਕਿਸਾਨਾਂ ਨੂੰ ਜੱਥੇਬੰਦੀ ਦੇ ਕੌਮੀ ਪ੍ਰਧਾਨ ਬਹਿਰੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨ ਪਿਛਲੇ 6 ਮਹੀਨਿਆਂ ਤੋਂ ਖੇਤੀਬਾੜੀ ਨਾਲ ਸਬੰਧਤ ਮੰਗਾਂ ਮਨਵਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਅੰਦੋਲਨ 'ਚ ਹਾਜ਼ਰਾ ਕਿਸਾਨ ਡਟੇ ਹੋਏ ਹਨ । ਜਦੋਂ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਇਸ ਲਈ 31 ਅਗਸਤ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਦੋਵੇਂ ਕਿਸਾਨ ਫੋਰਮਾਂ ਵੱਲੋਂ ਵੱਡੀਆਂ ਕਿਸਾਨ ਮਹਾਂ-ਪੰਚਾਇਤਾਂ ਕੀਤੀ ਜਾ ਰਹੀਆਂ ਹਨ ਅਤੇ ਇਹਨਾਂ ਕਿਸਾਨ ਪੰਚਾਇਤਾਂ ਨੂੰ ਕਿਸਾਨਾਂ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਤੇ ਹੋਰ ਕਿਸਾਨ ਆਗੂ ਸੰਬੋਧਨ ਕਰਨਗੇ। ਇਸ ਮੌਕੇ ਸ.ਬਹਿਰੂ ਨੇ ਦੱਸਿਆ ਕਿ ਇਸ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਮੁੱਖ 14 ਮੰਗਾਂ ਹਨ। ਜਿਨ੍ਹਾਂ ਵਿੱਚੋ ਦੇਸ਼ ਦੇ ਕਿਸਾਨਾਂ ਦੀਆਂ ਫਸਲਾਂ ਲਈ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਲੈਣੀ ਅਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਤੇ ਲਕੀਰ ਮਰਵਾਉਣਾ। ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਆਕੜ ਨੇ ਦੱਸਿਆ ਕਿ ਇਲਾਕੇ ਦੇ ਕਿਸਾਨਾਂ ਦੀ ਸਹਿਮਤੀ ਨਾਲ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਘਨੌਰ ਬਲਾਕ ਦੇ ਪ੍ਰਧਾਨ ਨਵਤੇਜ ਸਿੰਘ ਉਕਸੀ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਛੇਤੀ ਹੀ ਉਹ ਆਪਣੇ ਬਲਾਕ ਦੇ ਹੋਰ ਅਹੁਦੇਦਾਰਾਂ ਦੀ ਚੋਣ ਜਲਦੀ ਕਰ ਲੈਣਗੇ। ਇਲਾਕੇ ਦੇ ਕਿਸਾਨਾਂ ਨੇ ਸ੍ਰ ਬਹਿਰੂ ਨੂੰ ਵਿਸ਼ਵਾਸ ਦਿਵਾਇਆ ਹੈ ਕਿ 31 ਅਗਸਤ ਨੂੰ ਸ਼ੰਭੂ ਬਾਰਡਰ ਵਿਖੇ ਹੋ ਰਹੀ ਕਿਸਾਨ ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਬਲਿਹਾਰ ਸਿੰਘ ਰੁੜਕੀ, ਮੁਖਤਿਆਰ ਸਿੰਘ, ਮਨਜੀਤ ਸਿੰਘ ਖਲਾਸਪੁਰ, ਮਲਕੀਤ ਸਿੰਘ ਉਕਸੀ, ਅਮਰੀਕ ਸਿੰਘ ਸਿਆਲੂ, ਗੋਬਿੰਦਰ ਸਿੰਘ ਰਾਜਪੁਰਾ, ਗੁਰਵਿੰਦਰ ਸਿੰਘ ਮਰਦਾਂਪੁਰ, ਅਵਤਾਰ ਸਿੰਘ ਮਰਦਾਂਪੁਰ, ਯੂਥ ਵਿੰਗ ਦੇ ਪ੍ਰਧਾਨ ਦਲਜੀਤ ਸਿੰਘ ਸੰਧੂ ਸ਼ਾਮਿਲ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.