ਇਤਿਹਾਸਿਕ ਸ਼ਹਿਰ ਪਟਿਆਲਾ ਦੀ ਵਿਰਾਸਤ ਦਾ ਆਨੰਦ ਲਿਆ ਪਟਿਆਲਵੀਆਂ ਨੇ
- by Jasbeer Singh
- February 20, 2026
ਇਤਿਹਾਸਿਕ ਸ਼ਹਿਰ ਪਟਿਆਲਾ ਦੀ ਵਿਰਾਸਤ ਦਾ ਆਨੰਦ ਲਿਆ ਪਟਿਆਲਵੀਆਂ ਨੇ ਚੇਅਰਮੈਨ ਹਰਪਾਲ ਜੁਨੇਜਾ ਅਤੇ ਡੀ ਸੀ ਵਰਜੀਤ ਵਾਲੀਆ ਵੱਲੋਂ ਵਿਰਾਸਤੀ ਸੈਰ ਨੂੰ ਹਰੀ ਝੰਡੀ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਤਿਹਾਸਕ ਥਾਵਾਂ ਦੀ ਜਾਣਕਾਰੀ ਸਾਂਝੀ ਪਟਿਆਲਾ, 20 ਫਰਵਰੀ 2026 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ‘ਪਟਿਆਲਾ ਹੈਰੀਟੇਜ ਫੈਸਟੀਵਲ-2026’ ਦੇ ਤਹਿਤ ਅੱਜ ਸ਼ਹਿਰ ਦੀ ਨੌਜਵਾਨ ਪੀੜ੍ਹੀ ਅਤੇ ਆਮ ਨਾਗਰਿਕਾਂ ਲਈ ਵਿਰਾਸਤੀ ਸੈਰ (ਹੈਰੀਟੇਜ ਵਾਕ) ਦਾ ਆਯੋਜਨ ਕੀਤਾ ਗਿਆ ਜਿਸ ਨੂੰ ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸ਼ਾਹੀ ਸਮਾਧਾਂ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਹ ਵਿਸ਼ੇਸ਼ ਉਪਰਾਲਾ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੁਵਾਲੀਆ ਅਤੇ ਐਚ ਡੀ ਐੱਫ ਸੀ ਬੈਂਕ ਦੇ ਮੈਨੇਜਰ ਨਵੀਂਨ ਗੁਪਤਾ ਅਤੇ ਉਹਨਾਂ ਦੀ ਟੀਮ ਵੱਲੋਂ ਕਰਵਾਇਆ ਗਿਆ, ਜਿਸਦਾ ਮਕਸਦ ਵਿਦਿਆਰਥੀਆਂ ਅਤੇ ਪਟਿਆਲਵੀਆਂ ਨੂੰ ਆਪਣੇ ਸ਼ਹਿਰ ਦੀ ਪੁਰਾਣੀ ਅਮੀਰ ਵਿਰਾਸਤ ਨਾਲ ਜੋੜਨਾ ਹੈ । ਹਰਪਾਲ ਜੁਨੇਜਾ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਟਿਆਲਾ ਸ਼ਹਿਰ ਦੀ ਵਿਰਾਸਤ ਸਾਡੀ ਸਾਂਝੀ ਪਛਾਣ ਹੈ ਅਤੇ ਇਸ ਨੂੰ ਸਮਝਣਾ ਤੇ ਸੰਭਾਲਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਆਪਣੇ ਸ਼ਹਿਰ ਦੀ ਇਤਿਹਾਸਕ ਵਿਰਾਸਤ ਨਾਲ ਜਾਣੂ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਨੌਜਵਾਨ ਪੀੜ੍ਹੀ ਵਿੱਚ ਆਪਣੀ ਮਿੱਟੀ, ਸੱਭਿਆਚਾਰ ਅਤੇ ਇਤਿਹਾਸ ਪ੍ਰਤੀ ਮਾਣ ਦੀ ਭਾਵਨਾ ਪੈਦਾ ਹੁੰਦੀ ਹੈ। ਓਹਨਾ ਪਟਿਆਲਾ ਫਾਊਂਡੇਸ਼ਨ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਭਵਿੱਖ ਵਿੱਚ ਵੀ ਜਾਰੀ ਰਹਿਣਾ ਚਾਹੀਦਾ ਹੈ । ਵਿਰਾਸਤੀ ਸੈਰ ਦੀ ਸ਼ੁਰੂਆਤ ਸ਼ਾਹੀ ਸਮਾਧਾਂ ਤੋਂ ਹੋਈ, ਜਿੱਥੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਸਮੇਤ ਰਿਆਸਤ ਦੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਸਮਾਧੀਆਂ ਸਥਿਤ ਹਨ। ਇੱਥੇ ਭਾਗ ਲੈਣ ਵਾਲਿਆਂ ਨੂੰ ਰਿਆਸਤ ਦੇ ਇਤਿਹਾਸ ਅਤੇ ਵਿਰਾਸਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਇਸ ਤੋਂ ਬਾਅਦ ਯਾਤਰਾ ਹਵੇਲੀ ਮੁਹੱਲਾ ਛੱਤਾ ਨਾਨੂੰਮਲ, ਬਰਤਨ ਬਾਜ਼ਾਰ, ਮਿਸ਼ਰੀ ਬਾਜ਼ਾਰ, ਰੂਪ ਚੰਦ ਮੁਹੱਲਾ ਅਤੇ ਸੱਪਾਂ ਵਾਲੀ ਗਲੀ ਤੋਂ ਹੁੰਦੀ ਹੋਈ ਅੱਗੇ ਵਧੀ। ਬਰਤਨ ਬਾਜ਼ਾਰ ਬਾਰੇ ਦੱਸਿਆ ਗਿਆ ਕਿ ਇਹ ਸ਼ਹਿਰ ਦੀ ਸਥਾਪਨਾ ਸਮੇਂ ਤੋਂ ਹੀ ਮੌਜੂਦ ਹੈ ਅਤੇ ਕਰੀਬ 262 ਸਾਲ ਪੁਰਾਣਾ ਹੈ। ਇੱਥੇ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਦੀ ਪ੍ਰਾਚੀਨ ਪ੍ਰੰਪਰਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
