
ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਪਰਤੇ ਤੀਰਅੰਦਾਜ਼ ਹਰਵਿੰਦਰ ਸਿੰਘ ਦਾ ਪੰਜਾਬੀ ਯੂਨੀਵਰਸਿਟੀ ਪਹੁੰਚਣ ਉੱਤੇ
- by Jasbeer Singh
- September 11, 2024

ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਪਰਤੇ ਤੀਰਅੰਦਾਜ਼ ਹਰਵਿੰਦਰ ਸਿੰਘ ਦਾ ਪੰਜਾਬੀ ਯੂਨੀਵਰਸਿਟੀ ਪਹੁੰਚਣ ਉੱਤੇ ਹੋਇਆ ਸ਼ਾਨਦਾਰ ਸਵਾਗਤ -ਸੈਮੀ ਫਾਈਨਲ ਤੱਕ ਪੁੱਜਣ ਵਾਲੀ ਤੀਰਅੰਦਾਜ਼ ਪੂਜਾ ਦਾ ਵੀ ਕੀਤਾ ਸਵਾਗਤ ਬਣ ਗਿਆ ਪਟਿਆਲਾ, 11 ਸਤੰਬਰ : ਪੈਰਿਸ ਵਿਖੇ ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਪਰਤੇ ਤੀਰਅੰਦਾਜ਼ ਹਰਵਿੰਦਰ ਸਿੰਘ ਦਾ ਪੰਜਾਬੀ ਯੂਨੀਵਰਸਿਟੀ ਪਹੁੰਚਣ ਉੱਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਸੈਮੀਫਾਈਨਲ ਤੱਕ ਜਾਣ ਵਾਲ਼ੀ ਤੀਰਅੰਦਾਜ਼ ਪੂਜਾ ਦਾ ਕੈਂਪਸ ਵਿਖੇ ਪੁੱਜਣ ਮੌਕੇ ਮੇਨ ਗੇਟ ਉੱਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਦੋਹਾਂ ਨੂੰ ਇੱਕ ਓਪਨ ਗੱਡੀ ਰਾਹੀਂ ਕਾਫਲੇ ਦੇ ਰੂਪ ਵਿੱਚ ਸਾਇੰਸ ਆਡੀਟੋਰੀਅਮ ਤੱਕ ਲਿਜਾਇਆ ਗਿਆ। ਢੋਲ ਦੇ ਡੱਗੇ ਉੱਤੇ ਨੱਚਦੇ ਇਸ ਕਾਫ਼ਲੇ ਵਿੱਚ ਸ਼ਾਮਿਲ ਵਿਦਿਆਰਥੀਆਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ, ਆਈ. ਏ. ਐੱਸ. ਵੱਲੋਂ ਸਾਇੰਸ ਆਡੀਟੋਰੀਅਮ ਵਿੱਚ ਚਲਦੇ ਪ੍ਰੋਗਰਾਮ ਦੌਰਾਨ ਫ਼ੋਨ ਕਾਲ ਰਾਹੀਂ ਦੋਹਾਂ ਖਿਡਾਰੀਆਂ ਨਾਲ਼ ਵਿਸ਼ੇਸ਼ ਤੌਰ ਉੱਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ । ਡੀਨ ਅਕਾਦਮਿਕ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਇਸ ਮੌਕੇ ਬੋਲਦਿਆਂ ਦੋਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਪੈਰਾ ਓਲੰਪਿਕ ਖੇਡਾਂ ਦੇ ਇਤਿਹਾਸ ਅਤੇ ਮਹੱਤਵ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਤਗ਼ਮੇ ਜਿੱਤਣ ਲਈ ਹੀ ਨਹੀਂ ਹੁੰਦੀਆਂ ਬਲਕਿ ਸ਼ਖ਼ਸੀਅਤ ਦੇ ਵਿਕਾਸ ਅਤੇ ਮਾਨਸਿਕ ਸਿਹਤ ਦੀ ਤੰਦਰੁਸਤੀ ਪੱਖੋਂ ਵੀ ਖੇਡਾਂ ਦਾ ਭਰਪੂਰ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਖ਼ੂਬਸੂਰਤ ਇਤਫ਼ਾਕ ਹੈ ਕਿ ਪੈਰਾ ਓਲੰਪਿਕ ਖੇਡਾਂ ਦੀ ਸ਼ੁਰੂਆਤ ਤੀਰਅੰਦਾਜ਼ੀ ਨਾਲ਼ ਹੀ ਹੋਈ ਸੀ ਅਤੇ ਅਸੀਂ ਇਸੇ ਖੇਡ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਰਜਿਸਟਰਾਰ ਪ੍ਰੋ ਸੰਜੀਵ ਪੁਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਖੇਡਾਂ ਪੱਖੋਂ ਸ਼ਾਨਦਾਰ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ਦੀਆਂ ਅਜਿਹੀਆਂ ਪ੍ਰਾਪਤੀਆਂ ਦੀ ਬਰਕਰਾਰੀ ਲਈ ਯੂਨੀਵਰਸਟੀ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਖਿਡਾਰੀਆਂ ਨੂੰ ਹਰ ਪੱਖੋਂ ਸਹਿਯੋਗ ਰਹੇਗਾ। ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਆਪਣੇ ਦਿਲ ਦੇ ਭਾਵ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪਹੁੰਚ ਕੇ ਉਸਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਉਸ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਅਤੇ ਪਲੇਟਫਾਰਮ ਦਿੱਤਾ ਹੈ। ਇੱਥੇ ਹੀ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਹਰਵਿੰਦਰ ਨੇ ਕਿਹਾ ਕਿ ਹਰ ਇੱਕ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ਼ ਦੁਨੀਆਂ ਦੀ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅੱਜ ਦੇ ਸਮੇਂ ਵਿੱਚ ਤੀਰਅੰਦਾਜ਼ੀ ਦਾ ਗੜ੍ਹ ਹੈ ਜਿੱਥੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਹੋ ਰਹੇ ਹਨ । ਐੱਨ.ਆਈ. ਐੱਸ. ਪਟਿਆਲਾ ਤੋਂ ਕਾਰਜਕਾਰੀ ਡਾਇਰੈਕਟਰ ਵਿਨੀਤ ਨੇ ਕਿਹਾ ਕਿ ਉਸਨੂੰ ਮਾਣ ਹੈ ਕਿ 1993 ਦੇ ਦੌਰ ਵਿੱਚ ਉਸਨੇ ਜੋ ਆਪਣੇ ਵਿਦਿਆਰਥੀ ਤੀਰਅੰਦਾਜ਼ ਪੈਦਾ ਕੀਤੇ ਸਨ। ਉਹ ਹੁਣ ਕੋਚ ਦੇ ਰੂਪ ਵਿੱਚ ਵਿਚਰਦਿਆਂ ਪੰਜਾਬੀ ਯੂਨੀਵਰਸਿਟੀ ਤੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰ ਰਹੇ ਹਨ। ਸਵਾਗਤੀ ਭਾਸ਼ਣ ਦੌਰਾਨ ਖੇਡ ਵਿਭਾਗ ਦੇ ਡਾਇਰੈਕਟਰ ਡਾ. ਅਜੀਤਾ ਨੇ ਦੋਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਹੋਰਨਾਂ ਖਿਡਾਰੀਆਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣ ਬਾਰੇ ਕਿਹਾ। ਕੋਚ ਜੀਵਨਜੋਤ ਸਿੰਘ ਤੇਜਾ ਨੇ ਹਰਵਿੰਦਰ ਸਿੰਘ ਅਤੇ ਪੂਜਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਅਜਿਹੇ ਵਿਦਿਆਰਥੀ ਖਿਡਾਰੀ ਹਰੇਕ ਕੋਚ ਦੇ ਨਸੀਬ ਵਿੱਚ ਨਹੀਂ ਹੁੰਦੇ। ਅਜਿਹੇ ਵਿਦਿਆਰਥੀਆਂ ਤੇ ਉਹਨਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਜ਼ਰੂਰ ਜੋੜਨਾ ਚਾਹੀਦਾ ਹੈ। ਅਜਿਹਾ ਹੋਣ ਨਾਲ਼ ਉਨ੍ਹਾਂ ਵਿੱਚ ਇੱਕ ਖਿਡਾਰੀ ਵਾਲ਼ੀ ਭਾਵਨਾ ਪੈਦਾ ਹੁੰਦੀ ਹੈ ਜੋ ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਵਿੱਚ ਵੀ ਮਦਦਗਾਰ ਸਾਬਤ ਹੁੰਦੀ ਹੈ ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਅਰਥ-ਸ਼ਾਸਤਰ ਵਿਭਾਗ ਵਿਖੇ ਪੀ-ਐੱਚ. ਡੀ. ਖੋਜਾਰਥੀ ਵਜੋਂ ਆਪਣਾ ਖੋਜ ਕਾਰਜ ਕਰ ਰਿਹਾ ਹੈ। 33 ਸਾਲਾ ਖਿਡਾਰੀ ਹਰਵਿੰਦਰ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਵਸਨੀਕ ਹੈ। ਉਸ ਨੇ 2020 ਦੌਰਾਨ ਜਪਾਨ ਦੇ ਟੋਕੀਓ ਵਿੱਚ ਹੋਈਆਂ ਪੈਰਾ-ਓਲਿੰਪਕ ਖੇਡਾਂ ਦੌਰਾਨ ਉਸ ਨੇ ਕਾਂਸੀ ਤਗ਼ਮਾ ਜਿੱਤਿਆ ਸੀ। 2018 ਵਿੱਚ ਉਸ ਨੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਕੋਚ ਗੌਰਵ ਸ਼ਰਮਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਅਤੇ ਪੂਜਾ ਬਹੁਤ ਹੀ ਪ੍ਰਤਿਭਾਵਾਨ ਅਤੇ ਮਿਹਨਤੀ ਖਿਡਾਰੀ ਹਨ। ਦੋਹਾਂ ਤੋਂ ਭਵਿੱਖ ਵਿੱਚ ਵੀ ਵੱਡੀਆਂ ਆਸਾਂ ਹਨ। ਇਸ ਮੌਕੇ ਕੋਚ ਸੁਰਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.