post

Jasbeer Singh

(Chief Editor)

Sports

ਤੀਰਅੰਦਾਜ਼ੀ ਵਿਸ਼ਵ ਕੱਪ: ਜਯੋਤੀ ਨੇ ਸੋਨ ਤਗ਼ਮਿਆਂ ਦੀ ਹੈਟਰਿਕ ਲਗਾਈ

post-img

ਏਸ਼ਿਆਈ ਖੇਡਾਂ ਦੀ ਚੈਂਪੀਅਨ ਜਯੋਤੀ ਸੁਰੇਖਾ ਵੇਨੱਮ ਨੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਸ਼ੰਘਾਈ ਵਿੱਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਰਾਊਂਡ ਵਿੱਚ ਸੋਨ ਤਗ਼ਮਿਆਂ ਦੀ ਹੈਟਰਿਕ ਬਣਾ ਕੇ ਭਾਰਤੀ ਦਬਦਬੇ ਦੀ ਅਗਵਾਈ ਕੀਤੀ। ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਜਯੋਤੀ ਨੇ ਸੈਸ਼ਨ ਦੇ ਸ਼ੁਰੂਆਤੀ ਵਿਸ਼ਵ ਟੂਰਨਾਮੈਂਟ ਵਿੱਚ ਮੈਕਸਿਕੋ ਦੀ ਸਿਖਰਲਾ ਦਰਜਾ ਪ੍ਰਾਪਤ ਆਂਦਰਿਆ ਬੇਸੇਰਾ ਨੂੰ ਸ਼ੂਟ-ਆਫ ਵਿੱਚ 146-146 (9-9) ਨਾਲ ਹਰਾ ਕੇ ਇਹ ਪ੍ਰਾਪਤੀ ਹਾਸਲ ਕੀਤੀ। ਜਯੋਤੀ ਨੇ ਇਸ ਤਰ੍ਹਾਂ ਪਿਛਲੇ ਸਾਲ ਹਾਂਗਜ਼ੂ ਏਸ਼ਿਆਡ ਦੀ ਪ੍ਰਾਪਤੀ ਦੀ ਬਰਾਬਰੀ ਕੀਤੀ ਜਿਸ ਵਿੱਚ ਵਿਜੈਵਾੜਾ ਦੀ 27 ਸਾਲਾ ਤੀਰਅੰਦਾਜ਼ ਨੇ ਵਿਅਕਤੀਗਤ, ਮਹਿਲਾ ਟੀਮ ਅਤੇ ਮਿਕਸਡ ਟੀਮ ਮੁਕਾਬਲਿਆਂ ਵਿੱਚ ਕਲੀਨ ਸਵੀਪ ਕਰਦਿਆਂ ਸੋਨ ਤਗ਼ਮਿਆਂ ਦੀ ਹੈਟਰਿਕ ਲਗਾਈ ਸੀ। ਸਵੇਰ ਦੇ ਸੈਸ਼ਨ ਵਿੱਚ ਭਾਰਤ ਨੇ ਗ਼ੈਰ-ਓਲੰਪਿਕ ਕੰਪਾਊਂਡ ਤੀਰਅੰਦਾਜ਼ੀ ਵਿੱਚ ਆਪਣਾ ਦਬਦਬਾ ਬਣਾਉਂਦਿਆਂ ਟੀਮ ਮੁਕਾਬਲਿਆਂ ਵਿੱਚ ਕਲੀਨ ਸਵੀਪ ਕਰਦਿਆਂ ਸੋਨ ਤਗ਼ਮਿਆਂ ਦੀ ਹੈਟਰਿਕ ਲਗਾਈ ਅਤੇ ਪੁਰਸ਼ ਟੀਮ, ਮਹਿਲਾ ਟੀਮ ਅਤੇ ਮਿਕਸਡ ਟੀਮ ਮੁਕਾਬਲੇ ਜਿੱਤੇ। ਜਯੋਤੀ ਸੁਰੇਖਾ ਵੇਨੱਮ, ਆਦਿੱਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਤਿੱਕੜੀ ਨੇ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿੱਚ ਇਟਲੀ ਨੂੰ 236-225 ਨਾਲ ਹਰਾਇਆ। ਭਾਰਤੀ ਤਿੱਕੜੀ ਨੇ 24 ਤੀਰਾਂ ਵਿੱਚ ਸਿਰਫ਼ ਚਾਰ ਅੰਕ ਗੁਆਏ ਅਤੇ ਛੇਵਾਂ ਦਰਜਾ ਪ੍ਰਾਪਤ ਇਟਲੀ ਨੂੰ ਵੱਡੇ ਫਰਕ ਨਾਲ ਹਰਾ ਕੇ ਸੋਨ ਤਗ਼ਮੇ ਨਾਲ ਖਾਤਾ ਖੋਲ੍ਹਿਆ। ਪੁਰਸ਼ ਟੀਮ ਵਿੱਚ ਅਭਿਸ਼ੇਕ ਵਰਮਾ, ਪ੍ਰਿਯਾਂਸ਼ੂ ਅਤੇ ਪ੍ਰਥਮੇਸ਼ ਐੱਫ ਨੇ ਨੈਦਰਲੈਂਡਜ਼ ਨੂੰ 238-231 ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਭਾਰਤ ਦੀ ਮਿਕਸਡ ਟੀਮ ਨੇ ਕੰਪਾਊਂਡ ਵਰਗ ਵਿੱਚ ਤੀਜਾ ਸੋਨ ਤਗ਼ਮਾ ਜਿੱਤ ਕੇ ਕਲੀਨ ਸਵੀਪ ਕੀਤਾ। ਦੂਜਾ ਦਰਜਾ ਪ੍ਰਾਪਤ ਜਯੋਤੀ ਅਤੇ ਅਭਿਸ਼ੇਕ ਦੀ ਜੋੜੀ ਨੇ ਅਸਤੋਨੀਆ ਦੀ ਲਿਸੇਨ ਜਾਤਮਾ ਅਤੇ ਰੋਬਿਨ ਜਾਤਮਾ ਦੀ ਮਿਕਸਡ ਜੋੜੀ ਨੂੰ ਰੁਮਾਂਚਿਕ ਮੁਕਾਬਲੇ ਵਿੱਚ 158-157 ਨਾਲ ਹਰਾਇਆ। ਮੌਜੂਦਾ ਏਸ਼ਿਆਈ ਖੇਡਾਂ ਦੀ ਚੈਂਪੀਅਨ ਜਯੋਤੀ ਸੁਰੇਖਾ ਵੇਨੱਮ ਲਈ ਇਹ ਦੋਹਰਾ ਸੋਨ ਤਗ਼ਮਾ ਸੀ। ਦੁਪਹਿਰ ਦੇ ਸੈਸ਼ਨ ਵਿੱਚ ਜਯੋਤੀ ਵਿਅਕਤੀਗਤ ਚੈਂਪੀਅਨ ਬਣੀ। -ਪੱਤਰ ਪ੍ਰੇਰਕ ਪੰਜਾਬੀ ਯੂਨੀਵਰਸਿਟੀ ਦੀ ਪ੍ਰਨੀਤ ਕੌਰ ਜੇਤੂ ਟੀਮ ’ਚ ਸ਼ਾਮਲ ਪਟਿਆਲਾ (ਗੁਰਨਾਮ ਸਿੰਘ ਅਕੀਦਾ): ਚੀਨ ਦੇ ਸ਼ੰਘਾਈ ਵਿੱਚ ਹੋ ਰਹੇ ਤੀਰਅੰਦਾਜ਼ੀ ਵਲਡ ਕੱਪ ਸਟੇਜ-1 ਵਿੱਚ ਭਾਰਤ ਦੀ ਕੰਪਾਊਂਡ ਮਹਿਲਾ ਟੀਮ ਨੇ ਇਟਲੀ ਨੂੰ ਹਰਾ ਕੇ ਫ਼ਾਈਨਲ ਮੁਕਾਬਲਾ ਜਿੱਤ ਲਿਆ ਹੈ। ਸੋਨ ਤਗ਼ਮਾ ਜਿੱਤਣ ਵਾਲੀ ਇਸ ਟੀਮ ਵਿੱਚ ਪੰਜਾਬੀ ’ਵਰਸਿਟੀ ਦੀ ਤੀਰਅੰਦਾਜ਼ ਪ੍ਰਨੀਤ ਕੌਰ ਸ਼ਾਮਲ ਹੈ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੀ ਜੰਮਪਲ ਪ੍ਰਨੀਤ ਕੌਰ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਇਹ ਪੰਜਵਾਂ ਸੋਨ ਤਗ਼ਮਾ ਜਿੱਤਿਆ ਹੈ। ਉਹ ਹੁਣ ਤੱਕ ਵੀਹ ਅੰਤਰਰਾਸ਼ਟਰੀ ਤਗ਼ਮੇ ਜਿੱਤ ਚੁੱਕੀ ਹੈ ਜੋ ਜ਼ਿਆਦਾਤਰ ਸੋਨ ਤਗ਼ਮੇ ਹੀ ਹਨ।

Related Post