

ਸਾਬਕਾ ਮੰਤਰੀ ਅਤੇ ਕਾਂਗਰਸ ਦੇ ਟਕਸਾਲੀ ਆਗੂ ਲਾਲ ਸਿੰਘ ਨੇ ਉਸ ਵਾਇਰਲ ਆਡੀਓ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ ਜਿਸ ’ਚ ਇੱਕ ਆਗੂ (ਕਥਿਤ ਤੌਰ ’ਤੇ ਲਾਲ ਸਿੰਘ) ਕਿਸੇ ਸਮਰਥਕ ਨੂੰ ਡਾ. ਧਰਮਵੀਰ ਗਾਂਧੀ ਨੂੰ ਵੋਟ ਨਾ ਪਾਉਣ ਦੀ ਗੱਲ ਆਖ ਰਿਹਾ ਹੈ। ਉਨ੍ਹਾਂ ਆਖਿਆ ਹੈ ਕਿ ਉਸ ਇਸ ਸਬੰਧੀ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਵਾਇਰਲ ਆਡੀਓ ਜਿਸ ਵਿੱਚ ਕਥਿਤ ਤੌਰ ਲਾਲ ਸਿੰਘ ਕਿਸੇ ਸਮਰਥਕ ਨੂੰ ਫ਼ੋਨ ਕਰ ਕੇ ਕਹਿ ਰਹੇ ਹਨ ਕਿ ਉਹ ਡਾ. ਧਰਮਵੀਰ ਗਾਂਧੀ ਨੂੰ ਵੋਟ ਨਾ ਪਾਉਣ ਕਿਉਂਕਿ ਡਾ . ਗਾਂਧੀ ਨੇ ਉਨ੍ਹਾਂ ਦਾ ਬਹੁਤ ਨੁਕਸਾਨ ਕੀਤਾ ਹੈ। ਇਸ ਆਡੀਓ ਨੇ ਪਟਿਆਲਾ ਹਲਕੇ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਜਾਣਕਾਰੀ ਮੁਤਾਬਕ ਆਡੀਓ ਵਿੱਚ ਇੱਕ ਆਗੂ ਸਮਰਥਕ ਨੂੰ ਕਹਿ ਰਿਹਾ ਹੈ ਕਿ ਉਹ ਉਸ ਦਾ ਨਾਮ ਨਾ ਲਵੇ, ਪਰ ਉਹ ਵੋਟ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੂੰ ਪਾ ਦੇਵੇ। ਇਸ ਆਡੀਓ ਦੀ ਕਿਤੋਂ ਵੀ ਪੁਸ਼ਟੀ ਨਹੀਂ ਹੋਈ, ਹਾਲਾਂਕਿ ਲਾਲ ਸਿੰਘ ਨੇ ਕਿਹਾ ਕਿ ਇਹ ਆਡੀਓ ਬਿਲਕੁਲ ਝੂਠੀ ਹੈ। ਉਨ੍ਹਾਂ ਕਿਹਾ ਕਿ ਉਹ ਆਡੀਓ ਵਾਇਰਲ ਕਰਨ ਵਾਲੇ ਸ਼ਖ਼ਸ ਦਾ ਪਤਾ ਲੱਗਣ ’ਤੇ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਗੇ।