ਸਰਕਾਰੀ ਸਕੂਲ ਦੇ ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼ ਮੋਗਾ,8 ਮਈ 2026 : ਪੰਜਾਬ ਦੇ ਜਿਲਾ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਲੰਡੇ ਦੇ ਸਰਕਾਰੀ ਸਕੂਲ ਵਿਚ ਦਰੱਖਤ ਨਾਲ ਨੌਜਵਾਨ ਦੀ ਲਾਸ਼ ਲਟਕਦੀ ਹੋਈ ਪਾਏ ਜਾਣ ਦਾ ਸਮਾਚਾਰ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਜਿਲਾ ਮੋਗਾ ਦੇ ਬਾਘਾ ਪੁਰਾਣਾ ਕਸਬੇ ਅਧੀਨ ਪੈਂਦੇ ਪਿੰਡ ਲੰਡੇ ਦੇ ਸਰਕਾਰੀ ਸਕੂਲ ਵਿਚ ਦਰੱਖਤ ਨਾਲ ਜੋ ਇਕ ਨੌਜਵਾਨ ਦੀ ਲਾਸ਼ ਲਟਕਦੀ ਹੋੋਈ ਹਾਲਤ ਵਿਚ ਮਿਲੀ ਹੈ ਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਉਹ 32 ਸਾਲਾਂ ਹੋਣ ਦੇ ਨਾਲ-ਨਾਲ ਪਿੰਡ ਲੰਡੇ ਦਾ ਹੀ ਵਸਨੀਕ ਦੱਸਿਆ ਜਾ ਰਿਹਾ ਹੈ । ਕੀ ਹੈ ਪੂਰਾ ਮਾਮਲਾ ਪ੍ਰਾਪਤ ਸੂਚਨਾਵਾਂ ਮੁਤਾਬਕ ਮਨਪ੍ਰੀਤ ਸਿੰਘ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬੀਤੀ ਸ਼ਾਮ ਘਰੋਂ ਗਿਆ ਹੋਇਆ ਸੀ ਪਰ ਵਾਪਸ ਨਹੀਂ ਆਇਆ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ। ਅੱਜ ਤੜਕੇ ਕਰੀਬ 7 ਵਜੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਸਕੂਲ ਦੇ ਅੰਦਰ ਇੱਕ ਨੌਜਵਾਨ ਦੀ ਲਾਸ਼ ਦਰੱਖ਼ਤ ਨਾਲ ਲਟਕ ਰਹੀ ਹੈ। ਸੂਚਨਾ ਮਿਲਣ ਉਪਰੰਤ ਪਰਿਵਾਰਿਕ ਮੈਂਬਰ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਮਨਪ੍ਰੀਤ ਸਿੰਘ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਦੇਖੀ । ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ । ਪੁਲਸ ਨੇ ਕਰ ਦਿੱਤੀ ਹੈ ਮਾਮਲੇ ਦੀ ਜਾਂਚ ਸ਼ੁਰੂ ਮੌਕੇ ‘ਤੇ ਪੁਲਸ ਪ੍ਰਸ਼ਾਸਨ ਪਹੁੰਚ ਗਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਫਿਲਹਾਲ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਮਾਮਲੇ ਵਿੱਚ ਕਤਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ।
