ਬਾਲ ਸਿਰਜਣਾਤਮਕਤਾ ਕੈਂਪ ਚੌਥੇ ਦਿਨ ਰਿਹਾ ਜਾਰੀ ਪਟਿਆਲਾ, 27 ਦਸੰਬਰ 2025 : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੈਕਲਟੀ ਕਲੱਬ ਵਿਖੇ `ਅਦਾਰਾ ਜੁਗਨੂੰ` ਅਤੇ ` (ਲਲਕਾਰ)` ਦੇ ਸਹਿਯੋਗ ਨਾਲ ਲਗਾਏ ਜਾ ਰਹੇ ਬਾਲ ਸਿਰਜਣਾਤਮਕਤਾ ਕੈਂਪ ਦਾ 4ਥਾ ਦਿਨ ਸੀ। ਕੈਂਪ ਦੀ ਸ਼ੁਰੂਆਤ ਰੋਜ਼ਾਨਾ ਦੀ ਤਰ੍ਹਾਂ ਕਸਰਤ ਨਾਲ ਹੋਈ। ਕਸਰਤ ਤੋਂ ਬਾਅਦ ਬੱਚਿਆਂ ਨਾਲ `ਚੰਗੀ ਮਨੁੱਖਤਾ ਅਤੇ ਸੁਹੱਪਣ` ਬਾਰੇ ਗੱਲਬਾਤ ਕੀਤੀ ਗਈ। ਬੱਚਿਆਂ ਨਾਲ ਚੰਗੀਆਂ ਅਤੇ ਮਾੜੀਆਂ ਫਿਲਮਾਂ ਤੇ ਗਾਣਿਆਂ ਬਾਰੇ ਗੱਲਬਾਤ ਕੀਤੀ ਗਈ। ਉਹਨਾਂ ਨੂੰ ਦੱਸਿਆ ਗਿਆ ਕਿ ਅੱਜ-ਕੱਲ੍ਹ ਇਹਨਾਂ ਵਿੱਚ ਨਸ਼ੇ, ਗੈਂਗਵਾਰ, ਅਸ਼ਲੀਲਤਾ, ਫਿਰਕਾਪ੍ਰਸਤੀ ਅਤੇ ਫੁਕਰਪੁਣਾ ਆਦਿ ਵਿਖਾਇਆ ਜਾ ਰਿਹਾ ਹੈ। ਇਹ ਸਭ ਅਸੀਂ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਵੇਖਦੇ ਤਾਂ ਹਾਂ, ਪਰ ਇਹ ਸਾਡੇ ਦਿਮਾਗਾਂ ਅਤੇ ਸਮਾਜ ਨੂੰ ਗੰਦਲਾ ਕਰ ਰਹੇ ਹਨ। ਬੱਚਿਆਂ ਨੂੰ ਕਿਹਾ ਗਿਆ ਕਿ ਹਰ ਗਾਣੇ ਅਤੇ ਫਿਲਮ ਨੂੰ ਸਿਰਫ ਮਨੋਰੰਜਨ ਦੇ ਨਜਰੀਏ ਤੋਂ ਨਾ ਵੇਖ ਕੇ, ਉਸ ਵਿੱਚ ਵਿਖਾਏ ਗਏ ਚੰਗੇ ਅਤੇ ਮਾੜੇ ਪੱਖਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਇਹ ਗੱਲ ਅਸੀਂ ਇਸ ਕਰਕੇ ਕੀਤੀ ਕਿਉਂਕਿ ਅੱਜ-ਕੱਲ੍ਹ ਦੇ ਡਿਜੀਟਲ ਯੁੱਗ ਵਿੱਚ ਫਿਲਮਾਂ ਅਤੇ ਗੀਤ ਬੱਚਿਆਂ ਦੇ ਕੋਮਲ ਮਨਾਂ `ਤੇ ਡੂੰਘਾ ਅਸਰ ਪਾਉਂਦੇ ਹਨ। ਖਾਸ ਕਰਕੇ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਇਨ੍ਹਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੁੰਦੇ ਹਨ। ਪੰਜਾਬੀ ਸੰਗੀਤ ਜਗਤ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਹਥਿਆਰਾਂ ਅਤੇ ਨਸ਼ਿਆਂ ਦਾ ਗਲਬਾ ਵਧਿਆ ਹੈ ਅਤੇ ਨਸ਼ਿਆਂ ਦਾ `ਗਲੈਮਰਾਈਜੇਸ਼ਨ` ਬਹੁਤ ਜਿਆਦਾ ਹੋ ਰਿਹਾ ਹੈ। ਜਦੋਂ ਬੱਚੇ ਆਪਣੇ ਮਨਪਸੰਦ ਗਾਇਕਾਂ ਨੂੰ `ਚਿੱਟਾ`, `ਅਫੀਮ` ਜਾਂ ਸ਼ਰਾਬ ਬਾਰੇ ਗਾਉਂਦੇ ਸੁਣਦੇ ਹਨ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਭ ਕਰਨਾ `ਕੂਲ` ਜਾਂ `ਡੈਸ਼ਿੰਗ` ਦੀ ਨਿਸ਼ਾਨੀ ਹੈ। ਫਿਲਮਾਂ ਅਤੇ ਗੀਤਾਂ ਵਿੱਚ ਦਿਖਾਇਆ ਜਾਂਦਾ ਗੰਨ-ਕਲਚਰ ਬੱਚਿਆਂ ਵਿੱਚ ਹਿੰਸਕ ਪ੍ਰਵਿਰਤੀ ਪੈਦਾ ਕਰਦਾ ਹੈ। ਉਹ ਛੋਟੀਆਂ ਗੱਲਾਂ `ਤੇ ਲੜਾਈ-ਝਗੜਾ ਕਰਨ ਨੂੰ ਬਹਾਦਰੀ ਸਮਝਣ ਲੱਗਦੇ ਹਨ। ਅਜਿਹੀ ਸਮੱਗਰੀ ਬੱਚਿਆਂ ਨੂੰ ਅਸਲ ਜਿੰਦਗੀ ਅਤੇ ਮਿਹਨਤ ਤੋਂ ਦੂਰ ਲੈ ਕੇ ਜਾਂਦੀ ਹੈ ਅਤੇ ਉਹ ਇੱਕ `ਕਾਲਪਨਿਕ ਦੁਨੀਆ` ਵਿੱਚ ਰਹਿਣ ਲੱਗਦੇ ਹਨ। ਇਸ ਨਾਲ ਉਹਨਾਂ ਵਿੱਚ ਚਿੜਚਿੜਾਪਨ, ਇਕਾਗਰਤਾ ਦੀ ਕਮੀ ਅਤੇ ਹਿੰਸਕ ਰੁਝਾਨ ਵਧਦੇ ਹਨ। ਇਸ ਤੋਂ ਬਾਅਦ ਬੱਚਿਆਂ ਨੂੰ ਚੰਗੀਆਂ ਫਿਲਮਾਂ ਵਿਖਾਈਆਂ ਗਈਆਂ ਅਤੇ ਉਹਨਾਂ ਤੇ ਬੱਚਿਆਂ ਨੇ ਗੱਲ ਕੀਤੀ । ਹਰ ਰੋਜ਼ ਦੀ ਤਰ੍ਹਾਂ ਅਖੀਰਲੇ ਸੈਸ਼ਨ ਵਿੱਚ ਬੱਚਿਆਂ ਨੇ ਨਾਟਕ, ਕਵਿਤਾ ਅਤੇ ਕੋਰੀਓਗ੍ਰਾਫ਼ੀ ਆਦਿ ਦੀ ਤਿਆਰੀ ਕੀਤੀ ।
