post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਬਾਲ ਰੰਗਮੰਚ ਉਤਸਵ ਸੰਪੰਨ

post-img

ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਬਾਲ ਰੰਗਮੰਚ ਉਤਸਵ ਸੰਪੰਨ -ਆਖਰੀ ਦਿਨ ਪੇਸ਼ ਹੋਇਆ ਨਾਟਕ 'ਮੰਮੀ ਪਾਪਾ..ਲਵ ਯੂ' ਪਟਿਆਲਾ, 17 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ਼ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ ਦੇ ਅੰਤਿਮ ਦਿਨ ਪ੍ਰਸਿੱਧ ਨਿਰਦੇਸ਼ਕ ਚਕਰੇਸ਼ ਦੀ ਨਿਰਦੇਸ਼ਨਾ ਹੇਠ ਮੰਜੂ ਯਾਦਵ ਦਾ ਲਿਖਿਆ ਨਾਟਕ 'ਮੰਮੀ ਪਾਪਾ..ਲਵ ਯੂ' ਦੀ ਪੇਸ਼ਕਾਰੀ ਨੇ ਭਾਰਤੀ ਸਮਾਜ ਵਿਚ ਬਾਲਾਂ ਦੀ ਪਰਵਰਿਸ਼ ਤੇ ਅਨੇਕ ਸੁਆਲ ਖੜੇ ਕੀਤੇ। ਵਿਦੂਸ਼ਕੀ ਸ਼ੈਲੀ ਵਿੱਚ ਖੇਡੇ ਗਏ ਨਾਟਕ ਨੇ ਮਾਪਿਆਂ ਅਤੇ ਸਿੱਖਿਆ ਨੀਤੀ ਦੀ ਭੂਮਿਕਾ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਸਪਸ਼ਟ ਸੰਕੇਤ ਦਿੱਤਾ ਕਿ ਜਿੰਨੀ ਦੇਰ ਤਕ ਭਾਰਤੀ ਮਾਪੇ ਆਪਣੇ ਸੁਪਨੇ ਬਾਲਾਂ ਤੇ ਥੋਪਣ ਦੀ ਥਾਂ ਬਾਲਾਂ ਦੇ ਆਪਣੇ ਸੁਪਨਿਆਂ ਨੂੰ ਨਹੀਂ ਸਮਝਦੇ ਅਤੇ ਸਿੱਖਿਆ ਨੀਤੀ ਵਿਚ ਬਾਲਾਂ ਦੀਆਂ ਰੁਚੀਆਂ ਅਤੇ ਮਨੋਵਿਗਿਆਨ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ, ਓਨੀ ਦੇਰ ਤਕ ਬਾਲ ਨਿਰਾਸ਼ਾ ਅਤੇ ਇਕੱਲਤਾ ਦੀ ਗ੍ਰਿਫ਼ਤ ਵਿਚ ਰਹਿਣਗੇ, ਜਿਥੋਂ ਬਹੁਤ ਸਾਰੇ ਰਸਤੇ ਖ਼ੁਦਕੁਸ਼ੀਆਂ, ਕ੍ਰਾਈਮ ਅਤੇ ਨਸ਼ਿਆਂ ਵੱਲ ਨਿਕਲਦੇ ਹਨ। ਨਾਟਕ ਨੇ ਬਹੁਤ ਸਾਰੇ ਰੰਗਮੰਚੀ ਪ੍ਰਯੋਗ ਕਰਦੇ ਹੋਏ ਰੰਗਮੰਚ ਦੀ ਵਿਲੱਖਣ ਭਾਸ਼ਾ ਦਾ ਜਾਦੂ ਦਰਸ਼ਕਾਂ 'ਤੇ ਕੀਤਾ । ਇਸ ਸ਼ਾਮ ਦਾ ਆਗਾਜ਼ ਫੀਲਖਾਨਾ ਸਕੂਲ ਦੇ ਹਰਿਭੱਲਭ ਸੰਗੀਤ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਤਿਨੂਰ ਸ਼ਰਮਾ ਦੀ ਸਿਤਾਰ ਵਾਦਨ ਦੀ ਪੇਸ਼ਕਾਰੀ ਅਤੇ ਉਸ ਦੇ ਵਿਸ਼ੇਸ਼ ਸਨਮਾਨ ਨਾਲ ਹੋਇਆ । ਮੂਲੇਪੁਰ ਸਕੂਲ ਦੇ ਵਿਦਿਆਰਥੀ ਪ੍ਰਿੰਸ ਦੇ ਢੋਲ ਵਾਦਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ। ਸਰਕਾਰੀ ਪ੍ਰਾਇਮਰੀ ਸਕੂਲ ਬੱਲਮਗੜ੍ਹ ਦੀ ਦੂਜੀ ਜਮਾਤ ਵਿਚ ਪੜ੍ਹਦੀ ਬਾਲੜੀ ਖ਼ਵਾਹਿਸ਼ ਦੇ ਗਿੱਧਾ ਨਾਚ ਨੇ ਦਰਸ਼ਕ ਝੂੰਮਣ ਲਗਾ ਦਿੱਤੇ । ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉੱਘੇ ਬਾਲ ਸਾਹਿਤ ਲੇਖਕ ਸਤਪਾਲ ਭੀਖੀ ਅਤੇ 'ਤਾਰੇ ਭਲਕ ਦੇ' ਸੰਸਥਾ ਦੇ ਮੁਖੀ ਜਸਪ੍ਰੀਤ ਜਗਰਾਓਂ ਸ਼ਾਮਿਲ ਹੋਏ । ਸਤਪਾਲ ਭੀਖੀ ਨੇ ਆਪਣੇ ਪ੍ਰਾਇਮਰੀ ਸਕੂਲ ਦੇ ਤਜਰਬੇ ਦੇ ਆਧਾਰ ਤੇ ਬਾਲ ਮਨੋਵਿਗਿਆਨ ਨਾਲ਼ ਜੁੜੇ ਕਈ ਪ੍ਰਸੰਗਾਂ ਦੇ ਹਵਾਲੇ ਨਾਲ਼ ਬਾਲਾਂ ਨੂੰ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ । ਸਮਾਗਮ ਦੀ ਪ੍ਰਧਾਨਗੀ ਪ੍ਰੋਫ਼ੈਸਰ ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਕੀਤੀ । ਉਨ੍ਹਾਂ ਆਪਣੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਸਾਡੀ ਬੁਨਿਆਦ ਹਨ ਜਿੱਥੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਆਉਣਾ ਹੁੰਦਾ ਹੈ । ਇਸ ਪੱਖੋਂ ਇਹ ਰੰਗਮੰਚ ਉਤਸਵ ਮਹੱਤਵਪੂਰਨ ਹੈ । ਸਮਾਪਨ ਟਿੱਪਣੀ ਵਿਚ ਪ੍ਰੋ. ਸਤੀਸ਼ ਕੁਮਾਰ ਵਰਮਾ ਨੇ ਬਾਲ ਰੰਗਮੰਚ ਉਤਸਵ ਦੇ ਇਸ ਯਤਨ ਨੂੰ ਲਾਸਾਨੀ ਕਿਹਾ ਅਤੇ ਇਸ ਦੀ ਨਿਰੰਤਰਤਾ ਬਣਾਈਂ ਰੱਖਣ ਲਈ ਹੱਲਾਸ਼ੇਰੀ ਦਿੱਤੀ । ਡਾ. ਗੁਰਸੇਵਕ ਲੰਬੀ ਨੇ ਯੂਨੀਵਰਸਿਟੀ ਦੇ ਵਿਹੜੇ ਵਿਚ ਇਨ੍ਹਾਂ ਨਿੱਕਿਆਂ ਦੀ ਆਮਦ ਨੂੰ ਸ਼ੁਭ ਸ਼ਗਨ ਕਿਹਾ । ਬਾਲ ਰੰਗਮੰਚ ਉਤਸਵ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਸਾਰਿਆਂ ਦਾ ਧੰਨਵਾਦ ਕਰਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਉਤਸਵ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ ਬਾਲ ਰੰਗਮੰਚ ਦਾ ਇਹ ਕਾਫ਼ਲਾ ਪੂਰੇ ਪੰਜਾਬ ਦੇ ਸ਼ਹਿਰ ਸ਼ਹਿਰ ਤਕ ਜਾ ਸਕੇ । ਲੈਕਚਰਾਰ ਬਲਵਿੰਦਰ ਕੌਰ ਪੰਜੋਲੀ ਕਲਾਂ ਨੇ ਉਤਸਵ ਦੇ ਦੌਰਾਨ ਦਿੱਤੇ ਸਾਰੇ ਨਕਦ ਇਨਾਮਾਂ ਦਾ ਜ਼ਿੰਮਾ ਆਪਣੇ ਸਿਰ ਲਿਆ । ਨਿਰਣਾਕਾਰ ਸੁੱਖੀ ਪਾਤੜਾਂ ਨੇ ਨਾਟਕ ਵਿਚੋਂ ਬੈਸਟ ਐਕਟਰ ਤੇ ਐਕਟ੍ਰੈਸ ਦੀ ਚੋਣ ਕੀਤੀ। ਮੇਲੇ ਵਿੱਚ ਪ੍ਰਬੰਧਕੀ ਟੀਮ ਦੇ ਦੋ ਨੌਜਵਾਨ ਵਲੰਟੀਅਰਾਂ ਹਰਮਨ ਚੌਹਾਨ ਅਤੇ ਰੂਹੀ ਸਿੰਘ ਦਾ ਸਨਮਾਨ ਕੀਤਾ ਗਿਆ । ਮੰਚ ਸੰਚਾਲਨ ਗੁਰਦੀਪ ਗਾਮੀਵਾਲਾ ਅਤੇ ਸੁਖਜੀਵਨ ਨੇ ਕੀਤਾ ਅਤੇ ਇਸ ਪ੍ਰੋਗਰਾਮ ਵਿਚ ਮਾਸਟਰ ਪ੍ਰਿਤਪਾਲ ਰੱਲੀ, ਸ਼ਾਇਰ ਨਰਿੰਦਰਪਾਲ ਕੌਰ, ਸ਼ਾਇਰ ਜਗਪਾਲ ਚਹਿਲ, ਡਾ. ਬਲਜਿੰਦਰ ਸਿੰਘ, ਮੈਡਮ ਸੁਖਦੀਪ ਕੌਰ ਚਰਨਜੀਤ ਕੌਰ ਭੁਪਿੰਦਰ ਉਡਤ, ਚਮਕੌਰ ਬਿੱਲਾ, ਸੰਦੀਪ ਵਾਲੀਆ, ਅੰਮ੍ਰਿਤਪਾਲ ਮੰਘਾਣੀਆ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।

Related Post