
ਵਾਤਾਵਰਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਨੇਮਾ ਹੈ ਇੱਕ ਪ੍ਰਭਾਵਸ਼ਾਲੀ ਮਾਧਿਅਮ : ਪ੍ਰੋ. ਨਰਿੰਦਰ ਕੌਰ ਮੁਲਤਾਨੀ
- by Jasbeer Singh
- January 29, 2025

ਵਾਤਾਵਰਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਨੇਮਾ ਹੈ ਇੱਕ ਪ੍ਰਭਾਵਸ਼ਾਲੀ ਮਾਧਿਅਮ : ਪ੍ਰੋ. ਨਰਿੰਦਰ ਕੌਰ ਮੁਲਤਾਨੀ -ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਦਿਨਾ ਵਾਤਾਵਰਣ ਅਤੇ ਸਿਨੇਮਾ ਉਤਸਵ ਸ਼ੁਰੂ ਵਾਤਾਵਰਣ ਪ੍ਰਤੀ ਦੋਸਤਾਨਾ ਪਹੁੰਚ ਅਪਣਾਏ ਜਾਣ ਸਬੰਧੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ: ਬਲਤੇਜ ਪੰਨੂ ਪਟਿਆਲਾ, 29 ਜਨਵਰੀ : ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫ਼ਿਲਮ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ਼ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਕਰਵਾਇਆ ਜਾ ਰਿਹਾ ਤਿੰਨ ਦਿਨਾ ਵਾਤਾਵਰਣ ਅਤੇ ਸਿਨੇਮਾ ਉਤਸਵ ਅੱਜ ਸ਼ੁਰੂ ਹੋ ਗਿਆ ਹੈ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਉਦਘਾਟਨੀ ਸੈਸ਼ਨ ਵਿੱਚ ਦਿੱਤੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਪੰਜ ਤੱਤਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਜਦੋਂ ਵੀ ਪਾਣੀ, ਮਿੱਟੀ, ਅੱਗ, ਹਵਾ ਅਤੇ ਅਕਾਸ਼ ਦੀ ਮਾਤਰਾ ਵਿੱਚ ਕੋਈ ਅਸੰਤੁਲਨ ਪੈਦਾ ਹੁੰਦਾ ਹੈ ਤਾਂ ਇਸ ਨਾਲ਼ ਭਿਆਨਕ ਸਿੱਟੇ ਨਿੱਕਲ਼ਦੇ ਹਨ । ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਇਨ੍ਹਾਂ ਪੰਜਾਂ ਤੱਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਕਿਹਾ ਕਿ ਵਾਤਾਵਰਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਨੇਮਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਮਾਧਿਅਮ ਹੈ । ਇਸ ਮਾਧਿਅਮ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ । ਮੁੱਖ ਮੰਤਰੀ, ਪੰਜਾਬ ਦੇ ਸਾਬਕਾ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਵਾਤਾਵਰਣ ਪ੍ਰਤੀ ਦੋਸਤਾਨਾ ਪਹੁੰਚ ਅਪਣਾਏ ਜਾਣ ਸਬੰਧੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮਕਸਦ ਲਈ ਚੰਗੀਆਂ ਫ਼ਿਲਮਾਂ ਦੇ ਨਿਰਮਾਣ ਦੀ ਲੋੜ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜਕੱਲ੍ਹ ਚੰਗੇ ਥੀਮ ਵਾਲ਼ੀਆਂ ਫ਼ਿਲਮਾਂ ਬਣਾਉਣਾ ਵੀ ਵਿੱਤ ਪੱਖੋਂ ਜੋਖ਼ਮ ਵਾਲ਼ੀ ਗੱਲ ਨਹੀਂ ਰਹੀ ਕਿਉਂਕਿ ਅੱਜਕੱਲ੍ਹ ਪ੍ਰਚੱਲਿਤ ਓ. ਟੀ. ਟੀ. ਦੇ ਮੰਚ ਉੱਤੇ ਹਰ ਤਰ੍ਹਾਂ ਦੀਆਂ ਫ਼ਿਲਮਾਂ ਦੇ ਦਰਸ਼ਕ ਮੌਜੂਦ ਹਨ। ਉਨ੍ਹਾਂ ਆਪਣੇ ਨਿੱਜੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਪਣੀ ਜੀਵਨ ਸ਼ੈਲੀ ਵਿੱਚ ਹਮੇਸ਼ਾ ਹੀ ਵਾਤਾਵਰਣ ਪੱਖੀ ਪਹੁੰਚ ਅਪਣਾਉਂਦੇ ਹਨ । ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿੱਗ ਨੇ ਕਿਹਾ ਕਿ ਸਾਨੂੰ ਵਾਤਾਵਰਣ ਪੱਖੀ ਵਿਕਾਸ ਮਾਡਲ ਅਪਨਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਵਾਤਾਵਰਣ ਪੱਖੀ ਪਹੁੰਚ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਪੁਰਾਤਨ ਜੀਵਨ ਸ਼ੈਲੀ ਵੱਲ ਨਜ਼ਰ ਮਾਰੀਏ ਤਾਂ ਘਰਾਂ ਵਿੱਚ ਵਿਅਰਥ ਪਦਾਰਥ ਨਾਮਾਤਰ ਹੀ ਹੁੰਦੇ ਸਨ ਪਰ ਹੁਣ ਦਿਖਾਵੇ ਵਾਲ਼ੀ ਜੀਵਨ ਸ਼ੈਲੀ ਵਿੱਚ ਹਰ ਵਿਅਕਤੀ ਕੋਲ਼ ਬੇਲੋੜੀਆਂ ਚੀਜ਼ਾਂ ਦਾ ਭੰਡਾਰ ਹੈ ਜੋ ਬਹੁਤ ਸਾਰੀ ਵਿਅਰਥ ਸਮੱਗਰੀ ਦਾ ਕਾਰਨ ਵੀ ਬਣਦਾ ਹੈ । ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਤੋਂ ਕਾਰਜਕਾਰੀ ਨਿਰਦੇਸ਼ਕ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੌਂਸਲ ਵੱਲੋਂ ਕਰਵਾਏ ਗਏ ਇੱਕ ਅਧਿਐਨ ਅਨੁਸਾਰ 1950 ਦੇ ਦਹਾਕੇ ਦੀ ਤੁਲਨਾ ਵਿੱਚ ਹੁਣ ਪੰਜਾਬ ਦਾ ਜਲਵਾਯੂ ਬਹੁਤ ਬਦਲ ਗਿਆ ਹੈ। ਉਨ੍ਹਾਂ ਦੱਸਿਆ ਕਿ 1950 ਦੇ ਦਹਾਕੇ ਵਿੱਚ ਸਰਦੀਆਂ ਦੌਰਾਨ ਘੱਟੋ ਘੱਟ 80 ਦਿਨ ਅਜਿਹੇ ਹੁੰਦੇ ਸਨ ਜਦੋਂ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਘੱਟ ਹੁੰਦਾ ਸੀ। ਹੁਣ 2020 ਵਾਲ਼ੇ ਦਹਾਕੇ ਦੌਰਾਨ ਅਜਿਹੇ ਦਿਨਾਂ ਦੀ ਗਿਣਤੀ ਘਟ ਕੇ ਸਿਰਫ਼ 32 ਦਿਨ ਰਹਿ ਗਈ ਹੈ ਜੋ ਕਿ ਹੋਰ ਵੀ ਘਟ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ੈਸਟੀਵਲ ਇਸ ਜਲਵਾਯੂ ਸੰਕਟ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ਼ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਹਿੱਸਾ ਹੈ । ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੋ. ਕੇ. ਸੀ. ਬਰਾਲ ਨੇ ਕਿਹਾ ਕਿ ਹੁਣ ਜਦੋਂ ਅਸੀਂ ਜਲਵਯੂ ਪੱਖੋਂ ਇੱਕ ਸੰਕਟ ਦੇ ਸਮੇਂ ਵਿੱਚ ਦਾਖ਼ਲ ਹੋ ਚੁੱਕੇ ਹਾਂ ਤਾਂ ਲੋਕਾਂ ਨੂੰ ਸਿਨੇਮਾ ਦੇ ਮਾਧਿਅਮ ਨਾਲ਼ ਜਾਗਰੂਕਤ ਅਤੇ ਸਿੱਖਿਅਤ ਕੀਤੇ ਜਾਣ ਦੀ ਲੋੜ ਹੈ । ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਦੇ ਸੰਯੁਕਤ ਨਿਰਦੇਸ਼ਕ ਡਾ. ਕੇ. ਐੱਸ. ਬਾਠ ਨੇ ਸਵਾਗਤੀ ਸ਼ਬਦਾਂ ਦੌਰਾਨ ਇਸ ਫ਼ੈਸਟੀਵਲ ਦੇ ਮਕਸਦ ਬਾਰੇ ਦੱਸਿਆ ਅਤੇ ਕੌਂਸਲ ਵੱਲੋਂ ਇਸ ਦਿਸ਼ਾ ਵਿੱਚ ਕਰਵਾਈਆਂ ਜਾ ਰਹੀਆਂ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਉਦਘਾਟਨੀ ਸੈਸ਼ਨ ਦੇ ਅੰਤ ਵਿੱਚ ਧੰਨਵਾਦੀ ਭਾਸ਼ਣ ਦਿੰਦਿਆਂ ਜਿੱਥੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਉੱਥੇ ਹੀ ਵਾਤਾਵਰਣ ਸੰਬੰਧੀ ਬਹੁਤ ਸਾਰੇ ਨੁਕਤੇ ਵੀ ਸਾਂਝੇ ਕੀਤੇ ਗਏ । ਥੀਏਟਰ ਅਤੇ ਫਿਲਮ ਨਿਰਮਾਣ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਅਤੇ ਪਰਦਾ ਵੈਲਫੇਅਰ ਸੋਸਾਇਟੀ ਦੇ ਡਾਇਰੈਕਟਰ ਅਮਨਿੰਦਰ ਸਿੰਘ ਨੇ ਦੱਸਿਆ ਕਿ ਪ੍ਰਕਿਰਤੀ, ਟਿਕਾਊ ਵਿਕਾਸ ਅਤੇ ਜਲਵਾਯੂ ਪਰਿਵਰਤਨ ਦੇ ਵਿਸ਼ਿਆਂ ਉੱਤੇ ਕੇਂਦ੍ਰਿਤ ਫ਼ਿਲਮਾਂ ਦੀ ਸਕ੍ਰੀਨਿੰਗ ਦੇ ਨਾਲ਼ ਨਾਲ਼ ਇਸ ਉਤਸਵ ਦੌਰਾਨ ਵਾਤਾਵਰਣ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੇ ਟਿਕਾਊ ਜੀਵਨ, ਵਾਤਾਵਰਣ-ਅਨੁਕੂਲ ਅਭਿਆਸਾਂ ਅਤੇ ਵਾਤਾਵਰਣ ਸੰਭਾਲ ਵਰਗੇ ਵਿਸ਼ਿਆਂ 'ਤੇ ਵਾਤਾਵਰਣ ਵਰਕਸ਼ਾਪਾਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.