ਕਿਸਾਨਾਂ ਤੇ ਪੁਲਸ ਵਿਚਕਾਰ ਹੋਇਆ ਵੱਖ-ਵੱਖ ਥਾਈਂ ਟਕਰਾਅ ਬਠਿੰਡਾ, 18 ਫਰਵਰੀ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਸ ਵਲੋਂ ਅੱਜ ਬਠਿੰਡਾ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਜਾਣਾ ਸੀ ਦੇ ਚਲਦਿਆਂ ਪੁਲਸ ਤੇ ਕਿਸਾਨਾਂ ਵਿਚਾਲੇ ਟਕਰਾਅ ਹੋ ਗਿਆ। ਕਿਥੇ ਹੋਇਆ ਕਿਸਾਨਾਂ ਤੇ ਪੁਲਸ ਵਿਚਾਲੇ ਟਕਰਾਅ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਬਠਿੰਡਾ ਸ਼ਹਿਰ ਵੱਲ ਕੱਢੇ ਗਏ ਮਾਰਚ ਨੂੰ ਪੁਲਸ ਨੇ ਰੋਕ ਦਿੱਤਾ। ਕਿਸਾਨ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ ਜਾ ਰਹੇ ਸਨ। ਜਿਸ ਤੋਂ ਬਾਅਦ ਕਿਸਾਨ ਰਾਮਪੁਰਾਫੂਲ ਤੋਂ ਪਹਿਲਾਂ ਬਠਿੰਡਾ-ਚੰਡੀਗੜ੍ਹ ਹਾਈਵੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਕੇ ਬੈਠ ਗਏ । ਪੁਲਸ ਫੋਰਸ ਕਿਸਾਨਾਂ ਨੂੰ ਰੋਕਣ ਲਈ ਪਹੁੰਚੀ ਪਰ ਕਿਸਾਨ ਨਹੀਂ ਮੰਨੇ, ਜਿਸ ਤੇ ਜਿਓਂਦ ਪਿੰਡ ਵਿੱਚ ਕਿਸਾਨਾਂ ਅਤੇ ਪੁਲਸ ਵਿਚਕਾਰ ਟਕਰਾਅ ਹੋ ਗਿਆ । ਇਸ ਤੋਂ ਬਾਅਦ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਪਿੰਡ ਵਿੱਚ ਵੱਡੀ ਗਿਣਤੀ ’ਚ ਪੁਲਿਸ ਫੋਰਸ ਭੇਜੀ, ਇਸ ਦੌਰਾਨ ਪਥਰਾਅ ਹੋਣ ’ਤੇ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ । ਕੀ ਆਖਿਆ ਐਸ. ਐਸ. ਪੀ. ਨੇ ਬਠਿੰਡਾ ਦੇ ਐਸ. ਐਸ. ਪੀ. ਨੇ ਕਿਹਾ ਕਿ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਪੁਲਸ ਅੱਥਰੂ ਗੈਸ ਦੀ ਵਰਤੋਂ ਕਰ ਰਹੀ ਹੈ। ਉਧਰ ਹਾਈਵੇ ਜਾਮ ਹੋਣ ਕਾਰਨ ਪੁਲਸ ਨੇ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੇ ਟ੍ਰੈਫਿਕ ਨੂੰ ਪਿੰਡਾਂ ਦੇ ਰਸਤਿਆਂ ਰਾਹੀਂ ਡਾਇਵਰਟ ਕੀਤਾ ਹੈ । ਇਸੇ ਦੌਰਾਨ ਬਠਿੰਡਾ ਆ ਰਹੇ ਕਿਸਾਨਾਂ ਨਾਲ ਪਟਿਆਲਾ ਦੇ ਸਮਾਣਾ ਵਿੱਚ ਪੁਲਸ ਨਾਲ ਝੜਪ ਹੋਈ । ਜਿਸ ਤੋਂ ਬਾਅਦ ਪੁਲਸ ਨੇ ਕਿਸਾਨਾਂ ਨੂੰ ਡਿਟੇਨ ਕੀਤਾ ਹੈ । ਇਸ ਤੋਂ ਇਲਾਵਾ ਸੰਗਰੂਰ ਦੇ ਪਿੰਡ ਸ਼ੇਰੋਂ ਵਿੱਚ ਵੀ ਕਿਸਾਨਾਂ ਵਿਚਕਾਰ ਧੱਕਾ-ਮੁੱਕੀ ਹੋਈ। ਜਿਸ ਤੋਂ ਬਾਅਦ ਕਈ ਕਿਸਾਨ ਹਿਰਾਸਤ ਵਿੱਚ ਲਏ ਗਏ ਹਨ।
