post

Jasbeer Singh

(Chief Editor)

Sports

ਧੋਨੀ, ਸਚਿਨ, ਗਾਵਸਕਰ ਤੇ ਗਾਂਗੁਲੀ ਵੱਲੋਂ ਭਾਰਤੀ ਟੀਮ ਨੂੰ ਵਧਾਈ

post-img

ਭਾਰਤ ਦੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਅਨਿਲ ਕੁੰਬਲੇ, ਸੌਰਵ ਗਾਂਗੁਲੀ ਅਤੇ ਹੋਰਾਂ ਨੇ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। 2007 ਵਿੱਚ ਭਾਰਤ ਨੂੰ ਪਹਿਲਾ ਟੀ-20 ਵਿਸ਼ਵ ਕੱਪ ਜਿਤਾਉਣ ਵਾਲੀ ਟੀਮ ਦੇ ਕਪਤਾਨ ਰਹੇ ਧੋਨੀ ਨੇ ਕਿਹਾ, ‘‘ਮੇਰੇ ਦਿਲ ਦੀ ਧੜਕਣ ਵਧ ਗਈ ਸੀ। ਤੁਸੀਂ ਸ਼ਾਂਤ ਰਹੇ ਅਤੇ ਆਪਣੇ ’ਤੇ ਭਰੋਸਾ ਰੱਖ ਕੇ ਸ਼ਾਨਦਾਰ ਜਿੱਤ ਦਰਜ ਕੀਤੀ।’’ ਉਸ ਨੇ ਕਿਹਾ, ‘‘ਵਿਸ਼ਵ ਕੱਪ ਘਰ ਲਿਆਉਣ ਲਈ ਸਾਰੇ ਭਾਰਤੀਆਂ ਵੱਲੋਂ ਧੰਨਵਾਦ। ਬਹੁਤ ਬਹੁਤ ਵਧਾਈਆਂ। ਮੇਰੇ ਜਨਮਦਿਨ ਦੇ ਅਨਮੋਲ ਤੋਹਫ਼ੇ ਲਈ ਧੰਨਵਾਦ।’’ ਜ਼ਿਕਰਯੋਗ ਹੈ ਕਿ ਧੋਨੀ ਅਗਲੇ ਮਹੀਨੇ 43 ਸਾਲ ਦਾ ਹੋ ਜਾਵੇਗਾ। ਭਾਰਤ ਦੀ ਜਿੱਤ ’ਤੇ ਸਚਿਨ ਤੇਂਦੁਲਕਰ ਨੇ ਕਿਹਾ ਕਿ ਚੌਥੇ ਵਿਸ਼ਵ ਕੱਪ ਖਿਤਾਬ ਲਈ ਸਾਰਿਆਂ ਨੂੰ ਵਧਾਈ। ਇਸ ਤੋਂ ਪਹਿਲਾਂ ਭਾਰਤ 1983 ਅਤੇ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਦਕਿ 2007 ਵਿੱਚ ਟੀ-20 ਵਿਸ਼ਵ ਕੱਪ ਖਿਤਾਬ ਜਿੱਤ ਚੁੱਕਾ ਹੈ। ਇਸ ਬਾਰੇ ਤੇਂਦੁਲਕਰ ਨੇ ਕਿਹਾ, ‘‘ਟੀਮ ਇੰਡੀਆ ਦੀ ਜਰਸੀ ’ਤੇ ਲੱਗਾ ਵਿਸ਼ਵ ਕੱਪ ਖਿਤਾਬ ਰੂਪੀ ਸਿਤਾਰਾ ਦੇਸ਼ ਦੇ ਬੱਚਿਆਂ ਨੂੰ ਸੁਫ਼ਨੇ ਪੂਰੇ ਕਰਨ ਲਈ ਪ੍ਰੇਰਿਤ ਕਰਦਾ ਹੈ।’’ ਉਸ ਨੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤੇਜ਼ ਗੇਂਦਬਾਜ਼ ਵਿਰਾਟ ਕੋਹਲੀ ਅਤੇ ਕੋਚ ਰਾਹੁਲ ਦ੍ਰਾਵਿੜ, ਪਾਰਸ ਮਹਾਮਬਰੇ ਤੇ ਵਿਕਰਮ ਰਾਠੌਰ ਦੀ ਵੀ ਸ਼ਲਾਘਾ ਕੀਤੀ। ਸੁਨੀਲ ਗਾਵਸਕਰ ਨੇ ਕਿਹਾ ਕਿ ਟਰਾਫੀ ਜਿੱਤਣਾ ਸੈਂਕੜਾ ਬਣਾਉਣ ਵਰਗਾ ਹੈ। ਉਨ੍ਹਾਂ ਕਿਹਾ, ‘‘ਇੰਨੇ ਲੰਮੇ ਸਮੇਂ ਬਾਅਦ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਪਹਿਲਾਂ ਮੈਂ ਕਹਿੰਦਾ ਰਿਹਾ ਹਾਂ ਕਿ ਭਾਰਤ 90 ਦੇ ਸਕੋਰ ’ਤੇ ਪਹੁੰਚ ਜਾਂਦਾ ਹੈ ਪਰ ਉਸ ਦਾ ਸੈਂਕੜਾ ਮੁਕੰਮਲ ਨਹੀਂ ਹੁੰਦਾ ਪਰ ਅੱਜ ਟੀਮ ਦਾ ਸੈਂਕੜਾ ਮੁਕੰਮਲ ਹੋ ਗਿਆ ਹੈ।’’ ਗਾਵਸਕਰ ਟੀਮ ਦੇ ਵਾਰ-ਵਾਰ ਸੈਮੀ ਫਾਈਨਲ ’ਚੋਂ ਬਾਹਰ ਹੋਣ ਦਾ ਹਵਾਲਾ ਦੇ ਰਹੇ ਸਨ। ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਮੌਜੂਦਾ ਮੁਖੀ ਵੀਵੀਐੱਸ ਲਕਸ਼ਮਣ ਨੇ ਕਿਹਾ, ‘‘ਟੀ-20 ਵਿਸ਼ਵ ਚੈਂਪੀਅਨ ਬਣਨ ’ਤੇ ਭਾਰਤੀ ਟੀਮ ਨੂੰ ਵਧਾਈ। ਭਾਰਤ ਟੂਰਨਾਮੈਂਟ ਦੀ ਸਰਬੋਤਮ ਟੀਮ ਰਹੀ। ਇਸ ਨੇ ਪੂਰੇ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ।’’ ਭਾਰਤ ਦੇ ਸਾਬਕਾ ਸਪਿੰਨਰ ਹਰਭਜਨ ਸਿੰਘ ਨੇ ਕਿਹਾ, ‘‘ਭਾਰਤੀ ਟੀਮ ਨੂੰ ਵਧਾਈ। ਸਾਰੀ ਟੀਮ ’ਤੇ ਮਾਣ ਹੈ।’’ ਇਸੇ ਤਰ੍ਹਾਂ ਸਾਬਕਾ ਕ੍ਰਿਕਟਰ ਅਨਿਲ ਕੁੰਬਲੇ, ਸੌਰਵ ਗਾਂਗੁਲੀ,ਯੁਵਰਾਜ ਸਿੰਘ, ਗੌਤਮ ਗੰਭੀਰ ਅਤੇ ਸਪਿੰਨਰ ਆਰ ਅਸ਼ਿਵਨ ਨੇ ਵੀ ਟੀਮ ਨੂੰ ਵਧਾਈ ਦਿੱਤੀ।

Related Post