ਸੂਬੇ ਭਰ ਵਿਚ ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ : ਮੰਤਰੀ
ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਭਰ ਵਿਚ ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੇ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਹੈ ਪੂਰਾ
ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸ਼ੁਰੂਆਤੀ ਦੇਖਭਾਲ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਨੇ ਸੂਬੇ ਭਰ ਵਿੱਚ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ ਕਰ ਲਿਆ ਹੈ ।
ਕੀ ਦੱਸਿਆ ਬਾਲ ਵਿਕਾਸ ਮੰਤਰੀ ਨੇ
ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਰਾਜ ਵਿੱਚ ਬਾਲ-ਅਨੁਕੂਲ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ 132 ਹੋਰ ਆਂਗਣਵਾੜੀ ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿੱਚ ਹਨ । ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਭਰ ਦੇ ਬੱਚਿਆਂ ਨੂੰ ਸੁਰੱਖਿਅਤ, ਆਧੁਨਿਕ ਅਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਵਧੀਆ ਸ਼ੁਰੂਆਤੀ ਸਿੱਖਿਆ ਮਾਹੌਲ ਅਤੇ ਖੇਡ-ਖੇਡ ਵਿੱਚ ਸਿੱਖਿਣ ਦੇ ਮੌਕੇ ਮਿਲਣ।
ਸੂਬੇ ਭਰ ਵਿਚ ਰੱਖਿਆ ਸੀ 1024 ਨਵੇੇਂ ਆਂਗਣਵਾੜੀ ਕੇਂਦਰ ਬਣਾਉਣ ਦਾ ਟੀਚਾ
ਮਹਿਲਾ ਅਤੇ ਬਾਲ ਵਿਕਾਸ ਮੰਤਰੀ (Women and Child Development Minister) ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 1024 ਨਵੇਂ ਆਂਗਣਵਾੜੀ ਕੇਂਦਰ ਬਣਾਉਣ ਦਾ ਟੀਚਾ ਰੱਖਿਆ ਸੀ। 892 ਕੇਂਦਰਾਂ ਦੀ ਉਸਾਰੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਜਦੋਂ ਕਿ ਬਾਕੀ ਰਹਿੰਦੇ 132 ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿੱਚ ਹਨ ਅਤੇ ਜਲਦ ਹੀ ਪੂਰੇ ਕਰਕੇ ਸੂਬੇ ਦੇ ਬੱਚਿਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ ।
ਫੰਡਾਂ ਦੀ ਕੋਈ ਕਮੀ ਅੜਿੱੱਕਾ ਨਹੀਂ ਬਣਨ ਦਿੱਤੀ ਜਾਵੇਗੀ
ਪੰਜਾਬ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰੇਕ ਬੱਚੇ ਲਈ ਭਾਵੇਂ ਉਸਦਾ ਕੋਈ ਵੀ ਆਰਥਿਕ ਪਿਛੋਕੜ ਹੋਵੇ, ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਮਿਆਰੀ ਸ਼ੁਰੂਆਤੀ ਸਿੱਖਿਆ ਮਾਹੌਲ ਅਤੇ ਖੇਡ-ਅਧਾਰਤ ਸਿੱਖਿਆ ਦੇ ਮੌਕੇ ਮਿਲਣ । ਪੰਜਾਬ ਦੇ ਬੱਚਿਆਂ ਲਈ ਇੱਕ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਦੇ ਰਾਹ ਵਿੱਚ ਫੰਡਾਂ ਦੀ ਕੋਈ ਕਮੀ ਅੜਿੱਕਾ ਨਹੀਂ ਬਣਨ ਦਿੱਤੀ ਜਾਵੇਗੀ ।
ਬੱਚੇ ਦੇਸ਼ ਦੀ ਵਡਮੁੱਲੀ ਧਰੋਹਰ ਹਨ : ਡਾ. ਬਲਜੀਤ ਕੌਰ
ਮੰਤਰੀ ਨੇ ਕਿਹ ਕਿ ਬੱਚੇ ਦੇਸ਼ ਦੀ ਵਡਮੁੱਲੀ ਧਰੋਹਰ ਹਨ । ਉਨ੍ਹਾਂ ਕਿਹਾ ਕਿ ਹਰੇਕ ਬੱਚਾ ਸੁਰੱਖਿਅਤ, ਅਨੰਦਮਈ ਅਤੇ ਰਚਨਾਤਮਕ ਵਾਤਾਵਰਣ ਦਾ ਹੱਕਦਾਰ ਹੈ, ਜਿੱਥੇ ਉਹ ਸਿੱਖ ਸਕਦਾ ਹੈ, ਖੇਡ ਸਕਦਾ ਹੈ ਅਤੇ ਆਪਣੀ ਪੂਰੀ ਸਮਰੱਥਾ ਨੂੰ ਸਾਕਾਰ ਕਰ ਸਕਦਾ ਹੈ । ਸਾਡੀ ਸਰਕਾਰ ਹਰ ਬੱਚੇ ਲਈ ਬਰਾਬਰ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ, ਭਾਵੇਂ ਉਸਦਾ ਸਮਾਜਿਕ-ਆਰਥਿਕ ਪਿਛੋਕੜ ਕੁਝ ਵੀ ਹੋਵੇ ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਨਵੇਂ ਆਂਗਣਵਾੜੀ ਕੇਂਦਰ ਇੱਟਾਂ-ਬੱਜਰੀ ਦੀਆਂ ਇਮਾਰਤਾਂ ਤੋਂ ਕਿਤੇ ਵਧ ਹਨ । ਇਹ ਉਹ ਸਥਾਨ ਹਨ, ਜਿੱਥੇ ਪੇਂਡੂ ਅਤੇ ਪਛੜੇ ਪਰਿਵਾਰਾਂ ਦੇ ਬੱਚਿਆਂ ਦੇ ਸੁਪਨੇ ਵੀ ਵਧਣ-ਫੁੱਲਣਗੇ । ਉਨ੍ਹਾਂ ਕਿਹਾ ਕਿ ਸਾਫ਼, ਸੁਰੱਖਿਅਤ ਅਤੇ ਸੁਹਿਰਦ ਨਜ਼ਰਸਾਨੀ ਵਾਲੇ ਮਾਹੌਲ ਵਿੱਚ ਸਿੱਖਣ ਅਤੇ ਖੇਡਣ ਦੌਰਾਨ ਬੱਚੇ ਦੇ ਚਿਹਰੇ ’ਤੇ ਮੁਸਕਰਾਹਟ ਆਉਣਾ ਕਿਸੇ ਵੀ ਸਰਕਾਰ ਲਈ ਸਭ ਤੋਂ ਵੱਡਾ ਇਨਾਮ ਹੈ ।
ਨਵੇਂ ਆਂਗਣਵਾੜੀ ਕੇਂਦਰ ਕੀਤੇ ਜਾਰਹੇ ਹਨ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਨੁਸਾਰ ਵਿਕਸਤ
ਉਨ੍ਹਾਂ ਅੱਗੇ ਕਿਹਾ ਕਿ ਇਹ ਕੇਂਦਰ ਕੁਪੋਸ਼ਣ ਨਾਲ ਨਜਿੱਠਣ, ਬੱਚਿਆਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸਰੀਰਕ ਅਤੇ ਬੋਧਿਕ ਵਿਕਾਸ ਨੂੰ ਹੁਲਾਰ ਦੇਣ ਲਈ ਵੀ ਅਹਿਮ ਭੂਮਿਕਾ ਨਿਭਾਉਣਗੇ । ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਰੇ ਨਵੇਂ ਆਂਗਣਵਾੜੀ ਕੇਂਦਰ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਨੁਸਾਰ ਵਿਕਸਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸੁਰੱਖਿਅਤ, ਬਾਲ-ਅਨੁਕੂਲ ਅਤੇ ਸਮਾਵੇਸ਼ੀ ਬੁਨਿਆਦੀ ਢਾਂਚਾ ਬਣਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਮਿਸ਼ਨ ਸਕਸ਼ਮ ਦੇ ਤਹਿਤ ਹਰੇਕ ਆਂਗਣਵਾੜੀ ਕੇਂਦਰ ਲਈ 10 ਲੱਖ ਰੁਪਏ ਜਾਰੀ ਕੀਤੇ ਗਏ ਹਨ ਤਾਂ ਜੋ ਬੈਠਣ ਦੇ ਢੁਕਵੇਂ ਪ੍ਰਬੰਧ, ਪੀਣ ਵਾਲਾ ਸਾਫ਼-ਸੁਰੱਖਿਅਤ ਪਾਣੀ, ਆਧੁਨਿਕ ਸੈਨੀਟੇਸ਼ਨ ਸਹੂਲਤਾਂ ਅਤੇ ਅਜਿਹੀਆਂ ਸਿੱਖਣ ਥਾਵਾਂ ਵਿਕਸਿਤ ਕੀਤੀਆਂ ਜਾ ਸਕਣ ਜਿੱਥੇ ਬੱਚਿਆਂ ਦਾ ਸੰਪੂਰਨ ਵਿਕਾਸ ਹੋ ਸਕੇ ।
