
ਸਤਨਾਮ ਸਿੰਘ ਦੀ ਮੌਤ ਮਾਮਲੇ ’ਚ ਪਰਿਵਾਰ ਵਾਲਿਆਂ ਨੇ ਸਮਾਣਾ-ਪਾਤੜਾਂ ਰੋਡ ਜਾਮ ਕਰਕੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ
- by Jasbeer Singh
- April 13, 2024

ਪਟਿਆਲਾ, ਸਮਾਣਾ, 13 ਅਪ੍ਰੈਲ (ਜਸਬੀਰ)-ਸ਼ੁੱਕਰਵਾਰ ਨੂੰ ਪਿੰਡ ਕਕਰਾਲਾ ਦੇ ਨੌਜਵਾਨ ਸਤਨਾਮ ਸਿੰਘ ਵਲੋਂ ਜਹਿਰੀਲੀ ਵਸਤੂ ਪੀ ਕੇ ਕੀਤੀ ਗਈ ਆਤਮ-ਹੱਤਿਆ ਦੇ ਮਾਮਲੇ ’ਚ ਅੱਜ ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਸਮਾਣਾ-ਪਾਤੜਾਂ ਰੋਡ ਜਾਮ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦੇ ਰੋਸ ਨੂੰ ਵੇਖਦਿਆਂ ਐਸ. ਐਸ. ਪੀ. ਵਰੁਣ ਸ਼ਰਮਾ ਨੇ ਇਸ ਮਾਮਲੇ ’ਚ ਐਕਸ਼ਨ ਲੈਂਦਿਆਂ ਮਵੀ ਕਲਾਂ ਦੇ ਚੌਂਕੀ ਇੰਚਾਰਜ ਸਾਹਿਬ ਸਿੰਘ ਅਤੇ ਏ. ਐਸ. ਆਈ. ਰਣਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਲੋਕਾਂ ਨੇ ਪੁਲਸ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜੀ ਕੀਤੀ। ਇਥੇ ਦੱਸਣਯੋਗ ਹੈ ਕਿ ਸਤਨਾਮ ਸਿੰਘ ਦਾ ਆਪਣੇ ਹੀ ਕਿਸੇ ਨਜ਼ਦੀਕੀ ਨਾਲ ਕੋਈ ਝਗੜਾ ਸੀ। ਦੋਹਾਂ ਵਿਚ ਤਕਰਾਰ ਹੋਣ ਤੋਂ ਬਾਅਦ ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਰਣਜੀਤ ਸਿੰਘ ਨੇ ਪਰਿਵਾਰ ਦੇ ਮੁਤਾਬਕ ਸਤਨਾਮ ਸਿੰਘ ਦੀ ਕੁੱਟਮਾਰ ਕਰ ਦਿੱਤੀ, ਜਿਸਨੂੰ ਉਹ ਆਪਣੀ ਬੇਇਜ਼ਤੀ ਮੰਨ ਗਿਆ ਤੇ ਘਰ ਆ ਕੇ ਉਸਨੇ ਜਹਿਰੀਲੀ ਵਸਤੂ ਪੀ ਲਈ। ਇਸ ਤੋਂ ਬਾਅਦ ਸਤਨਾਮ ਸਿੰਘ ਨੂੰ ਪਟਿਆਲਾ ਵਿਖੇ ਆ ਕੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਪੁਲਸ ਦੀ ਕੁਟਮਾਰ ਦੇ ਕਾਰਨ ਸਤਨਾਮ ਸਿੰਘ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋਇਆ, ਇਸ ਲਈ ਸਬੰਧਤ ਮੁਲਾਜਮਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਦੋਂ ਪੁਲਸ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਸਮਾਣਾ-ਪਾਤੜਾਂ ਰੋਡ ਜਾਮ ਕਰ ਦਿੱਤਾ। ਇਸ ਤੋਂ ਬਾਅਦ ਐਸ. ਐਸ. ਪੀ. ਵਰੁਣ ਸ਼ਰਮਾ ਨੇ ਇਸ ਮਾਮਲੇ ’ਚ ਐਕਸ਼ਨ ਲੈਂਦਿਆਂ ਚੌਂਕੀ ਇੰਚਾਰਜ ਤੇ ਏ. ਐਸ. ਆਈ. ਨੂੰ ਲਾਈਨ ਹਾਜ਼ਰ ਕਰਦਿਆਂ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।