
ਸੁਖਬੀਰ ਅਬਲੋਵਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ
- by Jasbeer Singh
- April 13, 2024

ਪਟਿਆਲਾ, 13 ਅਪ੍ਰੈਲ (ਜਸਬੀਰ)-ਸਾਬਕਾ ਕੌਂਸਲਰ ਅਤੇ ਜ਼ਿਲਾ ਜਨਰਲ ਸਕੱਤਰ ਸੁਖਬੀਰ ਸਿੰਘ ਅਬਲੋਵਾਲ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਟਿਆਲਾ ਲੋਕ ਸਭਾ ਹਲਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਤੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਅਬਲੋਵਾਲ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹੀ ਨਹੀਂ ਸਗੋਂ ਅਕਾਲੀ ਦਲ ਸਮੁੱਚੀਆਂ ਲੋਕ ਸਭਾ ਦੀਆਂ ਸੀਟਾਂ ’ਤੇ ਜਿੱਤ ਹਾਸਲ ਕਰੇਗਾ ਕਿਉਕਿ ਪੰਜਾਬ ਦੇ ਲੋਕ ਇਸ ਸਮੇਂ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹਨ ਕਿਉਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਲੋਕ ਸਮਝ ਚੁੱਕੇ ਹਨ ਕਿ ਸ਼ੋ੍ਰਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਕਰ ਸਕਦਾ ਹੈ। ਸੁਖਬੀਰ ਅਬਲੋਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿਸ ਤਰ੍ਹਾਂ ਪੰਜਾਬ ਬਚਾਓ ਯਾਤਰਾ ਦੌਰਾਨ ਹਰੇਕ ਹਲਕੇ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਸਾਧਿਆ ਜਾ ਰਿਹਾ ਹੈ ਉਸ ਨਾਲ ਪਾਰਟੀ ਵਰਕਰ ਇਕ ਵਾਰ ਫਿਰ ਤੋਂ ਲਾਮਬੰਦ ਹੋ ਕੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ, ਉਥੇ ਪੰਜਾਬ ਦੇ ਲੋਕ ਵੀ ਇਹ ਗੱਲ ਸਮਝ ਚੁੱਕੇ ਹਨ ਕਿ ਖੇਤਰੀ ਪਾਰਟੀ ਹੀ ਪੰਜਾਬ ਨੂੰ ਬਚਾ ਸਕਦੀ ਹੈ। ਅਬਲੋਵਾਲ ਨੇ ਕਿਹਾ ਕਿ ਲਗਾਤਾਰ ਕੇਂਦਰ ਵਲੋਂ ਸੰਘੀ ਢਾਂਚੇ ਨੂੰ ਢਾਹ ਲਗਾ ਕੇ ਰਾਜਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਪਹਿਲਾਂ ਪੰਜਾਬ ਦਾ ਆਰ. ਡੀ. ਐਫ. ਬੰਦ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਬੀ. ਬੀ. ਐਮ. ਬੀ. ਦੀ ਪੰਜਾਬ ਦੀ ਅਸਥਾਈ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ, ਪੰਜਾਬ ਦਾ ਵੱਡਾ ਖੇਤਰ ਸਿੱਧੇ ਸਿੱਧੇ ਬੀ. ਐਸ. ਐਫ. ਅਧੀਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਮੰਡੀਕਰਨ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।