post

Jasbeer Singh

(Chief Editor)

Sports

ਮੌਕੇ ’ਤੇ ਲਿਆ ਸੰਨਿਆਸ ਦਾ ਫ਼ੈਸਲਾ: ਰੋਹਿਤ

post-img

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਸੋਚਿਆ ਨਹੀਂ ਸੀ ਪਰ ਸਾਥੀ ਖਿਡਾਰੀ ਵਿਰਾਟ ਕੋਹਲੀ ਦੀ ਤਰ੍ਹਾਂ ਉਸ ਨੇ ਵੀ ਨੌਜਵਾਨ ਪੀੜ੍ਹੀ ਲਈ ਰਾਹ ਬਣਾਉਣ ਲਈ ਇਹ ਫ਼ੈਸਲਾ ਲਿਆ ਅਤੇ ਕਿਹਾ ਕਿ ਵਿਸ਼ਵ ਕੱਪ ਟਰਾਫੀ ਜਿੱਤਣ ਮਗਰੋਂ ਸੰਨਿਆਸ ਲੈਣ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਉਸ ਨੇ ਕਿਹਾ ਕਿ ਉਸ ਨੇ ਇਹ ਫ਼ੈਸਲਾ ਮੌਕੇ ’ਤੇ ਲਿਆ ਹੈ। ਫਾਈਨਲ ’ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਹਿਤ ਨੇ ਕਿਹਾ ਕਿ ਟੀ-20 ਕੌਮਾਂਤਰੀ ਕ੍ਰਿਕਟ ਨੂੰ ਛੱਡਣ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਸੀ। ਹਾਲਾਂਕਿ ਉਸ ਨੇ ਕਿਹਾ ਕਿ ਉਹ ਆਈਪੀਐੱਲ ਖੇਡਣਾ ਜਾਰੀ ਰੱਖੇਗਾ। ਉਸ ਨੇ ਕਿਹਾ, “ਮੈਂ ਆਪਣੇ ਭਵਿੱਖ ਬਾਰੇ ਇਸ ਤਰ੍ਹਾਂ ਫੈਸਲੇ ਨਹੀਂ ਲੈਂਦਾ। ਮੈਂ ਉਹੀ ਕਰਦਾ ਹਾਂ ਜੋ ਮੈਨੂੰ ਅੰਦਰੋਂ ਚੰਗਾ ਲੱਗਦਾ ਹੈ। ਮੈਂ ਭਵਿੱਖ ਬਾਰੇ ਬਹੁਤਾ ਨਹੀਂ ਸੋਚਦਾ। ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਵੀ ਮੈਂ ਨਹੀਂ ਸੋਚਿਆ ਸੀ ਕਿ ਮੈਂ ਇਹ ਵਿਸ਼ਵ ਕੱਪ ਖੇਡਾਂਗਾ ਜਾਂ ਨਹੀਂ।’’ ਭਾਰਤ ਦੀ ਜਿੱਤ ਬਾਰੇ ਉਸ ਨੇ ਕਿਹਾ, ‘‘ਜੋ ਲਿਖਿਆ ਹੈ ਉਹ ਹੋਵੇਗਾ ਹੀ। ਇਹ ਲਿਖਿਆ ਹੋਇਆ ਸੀ ਪਰ ਸਾਨੂੰ ਮੈਚ ਤੋਂ ਪਹਿਲਾਂ ਇਸ ਬਾਰੇ ਪਤਾ ਨਹੀਂ ਸੀ। ਨਹੀਂ ਤਾਂ ਅਸੀਂ ਅਰਾਮ ਨਾਲ ਆਉਂਦੇ ਅਤੇ ਕਹਿੰਦੇ ‘ਲਿਖਿਆ ਹੋਇਆ ਹੈ’ ਅਤੇ ਹੋ ਜਾਵੇਗਾ।’’ ਰੋਹਿਤ 2007 ਵਿੱਚ ਪਹਿਲੇ ਵਿਸ਼ਵ ਕੱਪ ’ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਹੇਠ ਖਿਤਾਬ ਜਿੱਤਣ ਵਾਲੀ ਟੀਮ ਦਾ ਵੀ ਮੈਂਬਰ ਸੀ। ਆਪਣੇ ਸਫਰ ਬਾਰੇ ਉਸ ਨੇ ਕਿਹਾ, ‘‘ਮੈਨੂੰ ਦੱਸਿਆ ਗਿਆ ਹੈ ਕਿ ਜਦੋੋਂ ਮੈਂ 2007 ਵਿੱਚ ਸ਼ੁਰੂਆਤ ਕੀਤੀ ਸੀ, ਉਦੋਂ ਵੀ ਅਸੀਂ ਵਿਸ਼ਵ ਕੱਪ ਜਿੱਤਿਆ ਸੀ ਅਤੇ ਹੁਣ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਹੀ ਮੈਂ ਕ੍ਰਿਕਟ ਦੀ ਇਸ ਸਭ ਤੋਂ ਛੋਟੀ ਵੰਨਗੀ ਨੂੰ ਅਲਵਿਦਾ ਕਹਿ ਰਿਹਾ ਹਾਂ। ਜ਼ਿੰਦਗੀ ਦਾ ਚੱਕਰ ਪੂਰਾ ਹੋ ਗਿਆ ਹੈ। ਮੈਂ ਬਹੁਤ ਖ਼ੁਸ਼ ਹਾਂ।’’ ਰੋਹਿਤ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਦੇ ਖਿਤਾਬ ਦਾ ਸਿਹਰਾ ਵਿਰਾਟ ਕੋਹਲੀ ਅਤੇ ਕੋਚ ਰਾਹੁਲ ਦ੍ਰਾਵਿੜ ਨੂੰ ਜਾਂਦਾ ਹੈ। ਰੋਹਿਤ ਨੇ ਵੀ ਜੋਕੋਵਿਚ ਵਾਂਗ ਪਿੱਚ ਦਾ ‘ਸਵਾਦ’ ਚਖਿਆ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਖਿਤਾਬ ਜਿੱਤਣ ਤੋਂ ਬਾਅਦ ਇੱਥੇ ਕੇਨਸਿੰਗਟਨ ਓਵਲ ਮੈਦਾਨ ਦੀ ਪਿੱਚ ਦਾ ਉਸੇ ਤਰ੍ਹਾਂ ‘ਸਵਾਦ’ ਚਖਿਆ ਜਿਵੇਂ ਵਿੰਬਲਡਨ ਜਿੱਤਣ ਤੋਂ ਬਾਅਦ ਨੋਵਾਕ ਜੋਕੋਵਿਚ ਕਰਦਾ ਹੈ। ਟੀ-20 ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਉਣ ਤੋਂ ਬਾਅਦ ਰੋਹਿਤ ਪਿੱਚ ਵੱਲ ਗਿਆ ਅਤੇ ਥੋੜ੍ਹੀ ਜਿਹੀ ਮਿੱਟੀ ਮੂੰਹ ’ਚ ਪਾਈ। ਮਹਾਨ ਟੈਨਿਸ ਖਿਡਾਰੀ ਜੋਕੋਵਿਚ ਵੀ ਵਿੰਬਲਡਨ ਖਿਤਾਬ ਜਿੱਤਣ ਤੋਂ ਬਾਅਦ ਆਮ ਤੌਰ ’ਤੇ ਸੈਂਟਰ ਕੋਰਟ ਤੋਂ ਥੋੜ੍ਹਾ ਜਿਹਾ ਘਾਹ ਪੁੱਟ ਕੇ ਚਬਾਉਣਾ ਪਸੰਦ ਕਰਦਾ ਹੈ। ਰੋਹਿਤ ਦੀ ਇਹ ਵੀਡੀਓ ਪ੍ਰਸਾਰਕਾਂ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਸਾਂਝੀ ਕੀਤੀ ਹੈ। ਵਿੰਬਲਡਨ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਵੀ ਰੋਹਿਤ ਦੀ ਤਸਵੀਰ ਸਾਂਝੀ ਕੀਤੀ ਹੈ।

Related Post