
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਉਦਘਾਟਨੀ ਸਮਾ

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਵਾਰ ਹੀਰੋਜ਼ ਸਟੇਡੀਅਮ ਵਿਖੇ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਹੋਵੇਗਾ ਉਦਘਾਟਨ ਸਮਾਰੋਹ ਸੰਗਰੂਰ, 25 ਅਗਸਤ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ 3 ਦੇ ਰਾਜ ਪੱਧਰੀ ਉਦਘਾਟਨੀ ਸਮਾਰੋਹ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੀਆਂ ਖੇਡਾਂ ਦੇ ਇਸ ਮਹਾਂਕੁੰਭ ਦੇ ਉਦਘਾਟਨੀ ਜਸ਼ਨਾਂ ਨੂੰ ਸਫਲਤਾ ਦਾ ਜਾਮਾ ਪਹਿਨਾਉਣ ਲਈ ਸਾਰੇ ਅਧਿਕਾਰੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ। ਉਹਨਾਂ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਦਿਲਚਸਪੀ ਲਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਦੇ ਉਪਰਾਲਿਆਂ ਸਦਕਾ ਹੀ ਪਿਛਲੇ ਦੋ ਸਾਲਾਂ ਤੋਂ ਲਗਾਤਾਰ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕਰਕੇ ਖਿਡਾਰੀਆਂ ਦੀ ਨਿਰੰਤਰ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਹੋਣ ਵਾਲੇ ਇਸ ਸਮਾਰੋਹ ਦੌਰਾਨ ਪਹੁੰਚਣ ਵਾਲੀਆਂ ਵੱਖ-ਵੱਖ ਸਿਆਸੀ ਹਸਤੀਆਂ, ਪ੍ਰਮੁੱਖ ਸਖਸ਼ੀਅਤਾਂ , ਗਾਇਕਾਂ, ਕਲਾਕਾਰਾਂ ਅਤੇ ਖੇਡ ਪ੍ਰੇਮੀਆਂ ਦੇ ਸੁਖਾਵੇਂ ਦਾਖਲੇ, ਵਾਹਨਾਂ ਦੀ ਪਾਰਕਿੰਗ ਵਿਵਸਥਾ ਅਤੇ ਸੁਚਾਰੂ ਆਵਾਜਾਈ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੇ ਕਿਹਾ ਕਿ ਇਸ ਸਮਾਰੋਹ ਵਿੱਚ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਨਾਲ ਨਾਲ ਵੀ.ਆਈ ਪੀਜ਼, ਖੇਡ ਪ੍ਰੇਮੀਆਂ ਦੇ ਵਾਹਨਾਂ ਨੂੰ ਖੜਾਉਣ ਲਈ ਢੁਕਵੀਆਂ ਥਾਵਾਂ ਦੀ ਸਮੇਂ ਸਿਰ ਚੋਣ ਕੀਤੀ ਜਾਵੇ। ਮੀਟਿੰਗ ਦੌਰਾਨ ਵਾਰ ਹੀਰੋਜ਼ ਸਟੇਡੀਅਮ, ਬਨਾਸਰ ਬਾਗ, ਫੁਹਾਰਾ ਚੌਂਕ ਸਮੇਤ ਸ਼ਹਿਰ ਦੀਆਂ ਹੋਰ ਸਾਰੀਆਂ ਥਾਵਾਂ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ, ਸਮਾਰੋਹ ਦੌਰਾਨ ਸ਼ਾਮਿਲ ਹੋਣ ਵਾਲੇ ਵੱਡੀ ਗਿਣਤੀ ਲੋਕਾਂ ਦੇ ਪੀਣ ਲਈ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕਰਨ, ਅਹਤਿਆਤੀ ਤੌਰ ਤੇ ਡਾਕਟਰੀ ਸਟਾਫ ਅਤੇ ਐਂਬੂਲੈਂਸਾਂ ਦੀ ਤੈਨਾਤੀ ਕਰਨ, ਸਮਾਰੋਹ ਸਥਾਨ ਅਤੇ ਆਲੇ ਦੁਆਲੇ ਦੀ ਸਜਾਵਟ, ਸਵਾਗਤੀ ਗੇਟ ਲਗਾਉਣ, ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਸਮੇਤ ਹੋਰ ਲੋੜੀਂਦੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ, ਸਹਾਇਕ ਕਮਿਸ਼ਨਰ ਸਿਖਲਾਈ ਅਧੀਨ ਡਾ. ਅਦਿਤਿਆ ਸ਼ਰਮਾ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਐਸ.ਡੀ.ਐਮ ਦਿੜਬਾ ਰਾਜੇਸ਼ ਸ਼ਰਮਾ, ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।