
ਪੰਜਾਬੀ ਯੂਨੀਵਰਸਿਟੀ ਵਿਖੇ ਲੇਖਕ ਹਰਲੀਨ ਸਿੰਘ ਦੀ ਪੁਸਤਕ 'ਦੀ ਲੌਸਟ ਹੀਰ ਵਿਮਨ ਇਨ ਕੋਲੋਨੀਅਲ ਪੰਜਾਬ' ਬਾਰੇ ਕਰਵਾਈ ਵਿਚਾ
- by Jasbeer Singh
- May 7, 2025

ਪੰਜਾਬੀ ਯੂਨੀਵਰਸਿਟੀ ਵਿਖੇ ਲੇਖਕ ਹਰਲੀਨ ਸਿੰਘ ਦੀ ਪੁਸਤਕ 'ਦੀ ਲੌਸਟ ਹੀਰ ਵਿਮਨ ਇਨ ਕੋਲੋਨੀਅਲ ਪੰਜਾਬ' ਬਾਰੇ ਕਰਵਾਈ ਵਿਚਾਰ ਚਰਚਾ ਪਟਿਆਲਾ, 7 ਮਈ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ, ਅਤੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੋਸਾਇਟੀ ਵੱਲੋਂ ਲੇਖਕ ਹਰਲੀਨ ਸਿੰਘ ਦੀ ਪੁਸਤਕ 'ਦੀ ਲੌਸਟ ਹੀਰ ਵਿਮਨ ਇਨ ਕੋਲੋਨੀਅਲ ਪੰਜਾਬ' ਬਾਰੇ ਗੋਸ਼ਟੀ ਕਰਵਾਈ ਗਈ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਯੋਤੀ ਪੁਰੀ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਇਸ ਕਿਤਾਬ ਦਾ ਮੁੱਢ ਲੇਖਕ ਹਰਲੀਨ ਸਿੰਘ ਦੇ ਪਰਿਵਾਰ ਦੀਆਂ ਨਿੱਜੀ ਯਾਦਾਂ ਤੋਂ ਬੱਝਦਾ ਹੈ। ਉਨ੍ਹਾਂ ਦੱਸਿਆ ਕਿ ਵੰਡ ਵੇਲੇ ਹਰਲੀਨ ਸਿੰਘ ਦਾ ਪਰਿਵਾਰ ਵੀ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਲੋਕਾਂ ਵਿਚ ਸ਼ਾਮਿਲ ਸੀ। ਇਸ ਤਰ੍ਹਾਂ ਪਰਿਵਾਰ ਦੇ ਇਤਿਹਾਸ ਨੇ ਲੇਖਕ ਨੂੰ ਵੰਡ ਨਾਲ ਸੰਬੰਧਿਤ ਅਣਗ਼ੌਲ਼ਿਆ ਤੇ ਅਲਿਖਤ ਇਤਿਹਾਸ ਅਤੇ ਕਹਾਣੀਆਂ ਸਾਹਮਣੇ ਲਿਆਉਣ ਲਈ ਪ੍ਰੇਰਿਤ ਕੀਤਾ। ਡਾ. ਪੁਰੀ ਨੇ ਕਿਤਾਬ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਹਾ ਕਿ ਇਹ ਕਿਤਾਬ ਔਰਤਾਂ ਨੂੰ ਅਲੌਕਿਕ ਹੋਂਦ ਵਜੋਂ ਨਹੀਂ ਸਗੋਂ ਜੀਵੰਤ ਵਜੂਦ ਵਿਚ ਪੇਸ਼ ਕਰਦੀ ਹੈ। ਲੇਖਕ ਹਰਲੀਨ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਹਰ ਪੰਜਾਬੀ ਔਰਤ ਵਿਚ ਹੀਰ ਦਾ ਅੰਸ਼ ਸ਼ਾਮਿਲ ਹੈ ਕਿਉਂਕਿ ਹਰ ਪੰਜਾਬੀ ਔਰਤ ਦੇ ਜੀਵਨ ਵਿਚ ਹੀਰ ਵਾਂਗ ਸੰਘਰਸ਼ ਅਤੇ ਪ੍ਰਤੀਰੋਧ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਇਤਿਹਾਸ ਵਿਚਲੀਆਂ ਉਨ੍ਹਾਂ ਔਰਤਾਂ ਬਾਰੇ ਹੈ ਜਿਨ੍ਹਾਂ ਦਾ ਸੰਘਰਸ਼ ਅਤੇ ਵਜੂਦ ਅਣਗ਼ੌਲ਼ਿਆ ਰਿਹਾ ਹੈ ਜਿਸਦੇ ਨਤੀਜੇ ਵਜੋਂ ਉਹ ਇਤਿਹਾਸ ਵਿਚ ਗਵਾਚੀਆਂ ਰਹੀਆਂ ਹਨ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਇਸ ਕਿਤਾਬ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦਾ ਅਚੰਭਿਤ ਕਰਨ ਵਾਲਾ ਅੰਸ਼ ਹੈ ਕਿਉਂਕਿ ਇਹ ਕਿਤਾਬ ਕਈ ਅਜਿਹੇ ਨਵੇਂ ਇਤਿਹਾਸਕ ਤੱਥ ਸਾਡੇ ਸਾਹਮਣੇ ਲਿਆਉਂਦੀ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਦੇ ਸਾਡੀਆਂ ਔਰਤਾਂ ਅਜਿਹਾ ਜੀਵਨ ਵੀ ਜਿਉਂਦੀਆਂ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਕਿਤਾਬ ਹਾਸ਼ੀਆਗਤ ਧਿਰਾਂ ਦੀ ਇਤਿਹਾਸਕਾਰੀ ਦਾ ਨਮੂਨਾ ਹੈ ਜਿਹੜਾ ਪਰੰਪਰਕ ਇਤਿਹਾਸਕਾਰੀ ਤੋਂ ਅਗਾਂਹ ਤੁਰਦਾ ਹੈ। ਉਨ੍ਹਾਂ ਦੱਸਿਆ ਕਿ ਪਰੰਪਰਾਗਤ ਇਤਿਹਾਸਕਾਰੀ ਮਰਦਾਂ, ਜੰਗਾਂ, ਜਿੱਤਾਂ-ਹਾਰਾਂ ਅਤੇ ਰਾਜਨੀਤੀ ਤੱਕ ਮਹਿਦੂਦ ਸੀ ਜਦਕਿ ਇਹ ਕਿਤਾਬ ਇਤਿਹਾਸ ਦੀ ਦ੍ਰਿਸ਼ਟੀ ਤੋਂ ਔਰਤਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਨੇੜਲੇ ਮਸਲਿਆਂ ਦੀ ਇਤਿਹਾਸ ਵਿਚ ਸ਼ਮੂਲੀਅਤ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਆਖ਼ਰ ਵਿਚ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਡਾ. ਮੋਨਿਕਾ ਸੱਭਰਵਾਲ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਕਦੇ ਵੀ ਨਿਰਪੱਖ ਨਹੀਂ ਹੁੰਦਾ। ਹਰ ਸਮੇਂ ਵਿਚ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਹਨ ਜਿਹੜੀਆਂ ਇਤਿਹਾਸ ਵਿਚ ਦਰਜ ਨਹੀਂ ਹੁੰਦੀਆਂ ਅਤੇ ਉਹ ਖ਼ਾਮੋਸ਼ ਆਪਣੀ ਵਾਰੀ ਦੀ ਡੀਕ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਅਜਿਹੀਆਂ ਹੀ ਔਰਤ ਨਾਇਕਾਵਾਂ ਦੀਆਂ ਕਹਾਣੀਆਂ ਸ਼ਾਮਿਲ ਹਨ ਜਿਨ੍ਹਾਂ ਦੀਆਂ ਕਹਾਣੀਆਂ ਨੇ ਸੁਣੇ ਜਾਣ ਲਈ ਬਹੁਤ ਇੰਤਜ਼ਾਰ ਕੀਤਾ।