ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੌਦੇ ਲਗਾਊ ਮੁਹਿੰਮ ਜਾਰੀ
- by Jasbeer Singh
- June 9, 2025
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੌਦੇ ਲਗਾਊ ਮੁਹਿੰਮ ਜਾਰੀ ਨਾਗਰਿਕਾਂ ਨੂੰ ਘੱਟੋ ਘੱਟ ਇੱਕ ਰੁੱਖ ਲਗਾਉਣ ਦੀ ਕੀਤੀ ਅਪੀਲ ਪਟਿਆਲਾ 9 ਜੂਨ : ਪਟਿਆਲਾ ‘ਚ “ ਹਰ ਕੋਈ ਇਕ ਦਰਖ਼ਤ ” ਮੁਹਿੰਮ ਤਹਿਤ ਵੱਖ-ਵੱਖ ਖਾਲੀ ਸਥਾਨਾਂ ‘ ਤੇ ਛਾਂਦਾਰ, ਫੁੱਲਦਾਰ ਅਤੇ ਫ਼ਲਦਾਰ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਾ ਭਾਰਾ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਇਹ ਮੁਹਿੰਮ ਨਿਰੰਤਰ ਤੌਰ ‘ ਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਸੋਚਣ ਲਈ ਉਤਸ਼ਹਿਤ ਕਰ ਰਹੀ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੇ ਚੇਅਰਮੈਨ ਰੁਪਿੰਦਰਜੀਤ ਕੌਰ ਚਾਹਲ ਨੇ ਮੁਹਿੰਮ ਦੀ ਅਗਵਾਈ ਕਰਦਿਆਂ ਰੁੱਖ ਲਗਾਏ ਅਤੇ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਸਿਰਫ਼ ਰੁੱਖ ਲਗਾਉਣ ਤੱਕ ਹੀ ਸੀਮਤ ਨਹੀ ਰਹਿਣੀਆਂ ਚਾਹੀਦੀਆਂ, ਸਗੋਂ ਇਹ ਮਨੂੱਖੀ ਜੀਵਨ ਵਿੱਚ ਰੁੱਖਾਂ ਦੀ ਭੂਮਿਕਾ ਬਾਰੇ ਲਗਾਤਾਰ ਜਾਗਰੁਕਤਾ ਫੈਲਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਸਾਰੇ ਮਿਲ ਕੇ ਇਕ ਰੁੱਖ ਲਗਾਈਏ ਤਾਂ ਇਹ ਧਰਤੀ ਸੱਚਮੁੱਚ ਹੀ ਜੰਨਤ ਬਣ ਸਕਦੀ ਹੈ । ਇਸ ਦੌਰਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਨੇ ਵੀ ਪੌਦੇ ਲਗਾ ਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਅਸੀਂ ਸਾਰੇ ਜੇਕਰ ਇਕ ਇਕ ਦਰਖ਼ਤ ਲਗਾਈਏ ਅਤੇ ਉਸ ਦੀ ਪੂਰੀ ਦੇਖਭਾਲ ਕਰੀਏ ਤਾਂ ਇਹ ਮੁਹਿੰਮ ਇਕ ਵੱਡੀ ਇਨਕਲਾਬ ਬਣ ਸਕਦੀ ਹੈ। ਉਹਨਾਂ ਕਿਹਾ ਕਿ ਰੁੱਖ ਸਿਰਫ਼ ਆਕਸੀਜ਼ਨ ਹੀ ਨਹੀ ਦਿੰਦੇ , ਸਗੋਂ ਉਹ ਧਰਤੀ ਨੂੰ ਸੰਤੂਲਿਤ ਰੱਖਣ, ਤਾਪਮਾਨ ਘਟਾੳਣ, ਮਿੱਟੀ ਦੀ ਕਟਾਈ ਰੋਕਣ ਅਤੇ ਜਲ ਸਰੋਤਾਂ ਦੀ ਸੰਭਾਲ ਵਿੱਚ ਵੀ ਅਹਿਮ ਭੁਮਿਕਾ ਨਿਭਾਂਉਂਦੇ ਹਨ।ਉਹਨਾਂ ਇਹ ਵੀ ਕਿਹਾ ਕਿ ਇਹ ਉਪਰਾਲਾ ਨਿਰਮਲ ਵਾਤਾਵਰਣ ਵੱਲ ਇਕ ਵਧੀਆ ਕਦਮ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁਥਰਾ ਅਤੇ ਤੰਦਰੁਸਤ ਵਾਤਾਵਰਣ ਪੈਦਾ ਕਰੇਗਾ। ਇਸ ਮੁਹਿੰਮ ਵਿੱਚ ਹੋਰ ਕਈ ਜੂਡੀਸ਼ੀਅਲ ਅਧਿਕਾਰੀ ਵੀ ਸ਼ਾਮਲ ਹੋਏ, ਜ਼ਿਹਨਾਂ ਨੇ ਆਪਣੀ ਹੱਥੀਂ ਪੌਦੇ ਲਗਾ ਕੇ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
