
ਡਾ. ਰਾਜਵੰਤ ਕੌਰ ਪੰਜਾਬੀ ਹੋਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ
- by Jasbeer Singh
- May 31, 2025

ਡਾ. ਰਾਜਵੰਤ ਕੌਰ ਪੰਜਾਬੀ ਹੋਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਪਟਿਆਲਾ,31 ਮਈ : ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਦੇ ਹੁਕਮਾਂ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਖੇ ਕਾਰਜਸ਼ੀਲ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਵਿਭਾਗ ਦੇ ਮੁਖੀ ਵਜੋਂ 2 ਜੂਨ,2025 ਨੂੰ ਆਪਣਾ ਅਹੁਦਾ ਸੰਭਾਲ ਰਹੇ ਹਨ। ਐਮ.ਏ. (ਪੰਜਾਬੀ ਅਤੇ ਧਰਮ ਅਧਿਐਨ) ਦੀਆਂ ਡਿਗਰੀਆਂ ਪ੍ਰਾਪਤ ਕਰਨ ਤੋਂ ਇਲਾਵਾ ਉਰਦੂ ਅਤੇ ਫ਼ਾਰਸੀ ਜ਼ੁਬਾਨਾਂ ਵਿਚ ਵੀ ਯੂਨੀਵਰਸਿਟੀ ਪੱਧਰ ਤੇ ਤਾਲੀਮ ਹਾਸਿਲ ਕਰਨ ਵਾਲੇ ਡਾ. ਪੰਜਾਬੀ ਨੇ ‘ਪੰਜਾਬ ਦੇ ਵਿਆਹ ਸਮੇਂ ਦੇ ਲੋਕਗੀਤਾਂ ਵਿਚ ਭਾਵ ਸੰਚਾਰ` ਵਿਸ਼ੇ `ਤੇ ਪੀਐਚ.ਡੀ. ਦੀ ਡਿਗਰੀ ਹਾਸਿਲ ਕੀਤੀ। ਯੂਨੀਵਰਸਿਟੀ ਵਿਖੇ ਇਕ ਦਿਹਾੜੀਦਾਰ ਕਲਰਕ ਤੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰਨ ਵਾਲੇ ਡਾ. ਪੰਜਾਬੀ ਨੇ ਸਟੈਨੋ ਟਾਈਪਿਸਟ ਦੇ ਅਹੁਦੇ ਤੇ ਲੰਮਾ ਸਮਾਂ ਕਾਰਜ ਕੀਤਾ ਅਤੇ ਇਸ ਦੇ ਨਾਲ ਅਕਾਦਮਿਕ ਸਿੱਖਿਆ ਪ੍ਰਾਪਤੀ ਦਾ ਅਮਲ ਵੀ ਜਾਰੀ ਰੱਖਿਆ। ਉਪਰੰਤ ਉਹਨਾਂ ਨੇ ਪਹਿਲਾਂ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉਚਤਮ ਕੇਂਦਰ ਵਿਖੇ ਬਤੌਰ ਲੈਕਚਰਾਰ ਸੇਵਾਵਾਂ ਨਿਭਾਈਆਂ। ਸਾਲ 2011 ਵਿਚ ਉਹ ਤਤਕਾਲੀਨ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੇ ਸੇਵਾ ਕਾਲ ਦੌਰਾਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਹਾਜ਼ਰ ਹੋਏ ਜਿੱਥੇ ਉਹਨਾਂ ਦੀ ਅਗਵਾਈ ਅਧੀਨ ਹੁਣ ਤੱਕ 25 ਖੋਜਾਰਥੀ ਐਮ.ਫਿਲ ਅਤੇ ਪੀਐਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕਰ ਚੁੱਕੇ ਹਨ। ਡਾ. ਰਾਜਵੰਤ ਕੌਰ ‘ਪੰਜਾਬੀ` ਦੀ ਇਕ ਪ੍ਰਸਿੱਧ ਕਲਮਕਾਰ ਵਜੋਂ ਵੀ ਵਿਸ਼ੇਸ਼ ਪਛਾਣ ਹੈ। ਉਹਨਾਂ ਦੀਆਂ ਹੁਣ ਤੱਕ 21 ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚ ਮੌਲਿਕ, ਖੋਜ, ਸੰਪਾਦਨ, ਲਿਪੀਅੰਤ੍ਰਣ, ਅਨੁਵਾਦ ਅਤੇ ਬਾਲ ਸਾਹਿਤ ਆਦਿ ਸ਼ਾਮਿਲ ਹਨ। ਉਹਨਾਂ ਦੀ ਪੁਸਤਕ ‘ਸਿਹਰਾ ਤੇ ਸਿੱਖਿਆ ਸੰਕਲਨ ਅਤੇ ਮੁਲਾਂਕਣ` ਨੂੰ ਭਾਸ਼ਾ ਵਿਭਾਗ,ਪੰਜਾਬ ਵੱਲੋਂ ਸਾਲ 2010 ਵਿਚ ਸਰਬੋਤਮ ਪੁਸਤਕ ਪੁਰਸਕਾਰ ਪ੍ਰਾਪਤ ਹੋਇਆ ਸੀ। ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਦੇ ਜੀਵਨ-ਸਾਥਣ ਡਾ.ਪੰਜਾਬੀ ਵਰਤਮਾਨ ਸਮੇਂ ਵਿਚ ਸਾਹਿਤਯ ਅਕਾਦਮੀ ਦਿੱਲੀ ਅਤੇ ਭਾਸ਼ਾ ਵਿਭਾਗ,ਪੰਜਾਬ ਵਰਗੇ ਮਹੱਤਵਪੂਰਨ ਅਦਾਰਿਆਂ ਵੱਲੋਂ ਸੌਂਪੇ ਗਏ ਵੱਖ ਵੱਖ ਖੋਜ ਪ੍ਰਾਜੈਕਟਾਂ ਤੇ ਕੰਮ ਕਰ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.