
ਚੋਣ ਤਹਿਸੀਲਦਾਰ ਵੱਲੋਂ ਬੀ.ਐਲ.ਏ. (ਬੂਥ ਲੈਵਲ ਏਜੰਟ) ਨਿਯੁਕਤੀ ਲਈ ਮੁੱਖ ਮੀਟਿੰਗ
- by Jasbeer Singh
- June 24, 2025

ਚੋਣ ਤਹਿਸੀਲਦਾਰ ਵੱਲੋਂ ਬੀ.ਐਲ.ਏ. (ਬੂਥ ਲੈਵਲ ਏਜੰਟ) ਨਿਯੁਕਤੀ ਲਈ ਮੁੱਖ ਮੀਟਿੰਗ ਪਾਰਟੀਆਂ ਨੂੰ ਬੀ.ਐਲ.ਏ.ਫਾਰਮ ਮੁਹੱਈਆ, ਫੋਟੋ ਅਤੇ ਮੋਬਾਇਲ ਨੰਬਰ ਦਰਜ ਕਰਨਾ ਲਾਜ਼ਮੀ ਪਟਿਆਲਾ 24 ਜੂਨ : ਵਧੀਕ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਪਟਿਆਲਾ ਇਸ਼ਾ ਸਿੰਗਲ ਦੀ ਅਗਵਾਈ ਵਿੱਚ ਚੋਣ ਤਹਿਸੀਲਦਾਰ ਵਿਜੈ ਚੌਧਰੀ ਨੇ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ ਦੀ ਇਕ ਮੁੱਖ ਮੀਟਿੰਗ ਆਯੋਜਿਤ ਕੀਤੀ ਜਿਸ ਦਾ ਮੰਤਵ ਵੋਟਰ ਸੂਚੀ ਦੀ ਸੁਧਾਈ ਅਤੇ ਚੋਣ ਪ੍ਰਕ੍ਰਿਆ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਬੂਥ ਲੈਵਲ ਏਜੰਟਾਂ (ਬੀ.ਐਲ.ਏ) ਦੀ ਨਿਯੁਕਤੀ ਸਬੰਧੀ ਫਾਰਮ ਮੁਹੱਈਆ ਕਰਵਾਉਣਾ ਸੀ। ਮੀਟਿੰਗ ਵਿੱਚ ਚੋਣ ਤਹਿਸੀਲਦਾਰ ਨੇ ਪਾਰਟੀਆਂ ਨੂੰ ਬੀ.ਐਲ.ਏ 2 ਫਾਰਮ ਮੁਹੱਈਆ ਕਰਵਾਏ ਜੋ ਬੂਥ ਲੈਵਲ ਏਜੰਟ ਦੀ ਨਿਯੁਕਤੀ ਲਈ ਭਰਨਾ ਜਰੂਰੀ ਹੈ । ਉਹਨਾਂ ਦੱਸਿਆ ਕਿ ਇਸ ਫਾਰਮ ਵਿੱਚ ਬੀ.ਐਲ.ਏ. ਦੀ ਸਾਫ਼ ਫੋਟੋ ਅਤੇ ਮੋਬਾਇਲ ਨੰਬਰ ਦਰਜ ਕਰਨੇ ਲਾਜ਼ਮੀ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ । ਉਹਨਾਂ ਕਿਹਾ ਕਿ ਇਹ ਪ੍ਰਕ੍ਰਿਆ ਚੋਣ ਪ੍ਰਬੰਧਨ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ । ਵਿਜੈ ਚੌਧਰੀ ਨੇ ਇਹ ਸਪਸ਼ਟ ਕੀਤਾ ਕਿ ਜ਼ਿਲ੍ਹੇ ਦੀਆਂ ਹਰ ਰਾਜਨੀਤਿਕ ਪਾਰਟੀਆਂ ਵੱਲੋਂ ਹਰੇਕ ਪੋਲਿੰਗ ਸਟੇਸ਼ਨ ਤੇ ਇਕ ਬੂਥ ਲੈਵਲ ਏਜੰਟ ਦੀ ਨਿਯੁਕਤੀ ਪਾਰਟੀ ਦੇ ਪ੍ਰਧਾਨ, ਸਕੱਤਰ ਜਾਂ ਕਿਸੇ ਨਾਮਜ਼ਦ ਕੀਤੇ ਗਏ ਅਧਿਕਾਰੀ ਵੱਲੋਂ ਕੀਤੀ ਜਾਵੇਗੀ ਜਿਸ ਤਹਿਤ ਹਰ ਹਲਕੇ ਵਿੱਚ ਮੌਜੂਦ ਹਰੇਕ ਪੋਲਿੰਗ ਸਟੇਸ਼ਨ ਲਈ ਇਕ ਇਕ ਬੂਥ ਲੈਵਲ ਏਜੰਟ ਨਿਯੁਕਤ ਕੀਤਾ ਜਾਵੇਗਾ, ਜੋ ਚੋਣ ਪ੍ਰਕ੍ਰਿਆ ਵਿੱਚ ਸਹਿਯੋਗ ਦੇਣਗੇ । ਚੋਣ ਤਹਿਸੀਲਦਾਰ ਨੇ ਮੀਟਿੰਗ ਵਿਚ ਇਹ ਵੀ ਦੱਸਿਆ ਕਿ ਪਾਰਟੀ ਵੱਲੋਂ ਨਾਮਜ਼ਦ ਕੀਤੇ ਬੂਥ ਲੈਵਲ ਏਜੰਟ ਤਿਆਰ ਕੀਤੀਆਂ ਵੋਟਰ ਸੂਚੀਆਂ ਵਿੱਚ ਪੇਸ਼ ਆ ਰਹੀਆਂ ਤਰੁੱਟੀਆਂ ਬਾਰੇ ਬੂਥ ਲੈਵਲ ਅਫਸਰਾਂ ਨੂੰ ਜਾਣੂ ਕਰਵਾ ਕੇ ਵੋਟਰ ਸੂਚੀ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਵਿੱਚ ਬੂਥ ਲੈਵਲ ਅਫਸਰ ਦੀ ਸਹਾਇਤਾ ਕਰ ਸਕਦੇ ਹਨ । ਉਹਨਾਂ ਇਹ ਵੀ ਦੱਸਿਆ ਕਿ ਬੀ.ਐਲ.ਏ ਦਾ ਮੁੱਖ ਕੰਮ ਆਪਣੇ ਨਿਯੁਕਤ ਪੋਲਿੰਗ ਸਟੇਸ਼ਨ ਤੇ ਬੂਥ ਲੈਵਲ ਅਫ਼ਸਰਾਂ ਨਾਲ ਮਿਲ ਉਹਨਾਂ ਦੇ ਕੰਮ ਵਿੱਚ ਸਹਿਯੋਗ ਦੇਣਾ ਹੈ । ਉਹਨਾਂ ਕਿਹਾ ਕਿ ਇਸ ਕੰਮ ਜ਼ਰੀਏ ਚੋਣ ਪ੍ਰਕ੍ਰਿਆ ਦੀ ਪਾਰਦਰਸ਼ਤਾ ਹੋਵੇਗੀ ਅਤੇ ਵੋਟਰਾਂ ਦੀ ਪਛਾਣ ਅਤੇ ਮੋਜੂਦਗੀ ਵਿੱਚ ਸੁਧਾਰ ਆਵੇਗਾ । ਉਹਨਾਂ ਕਿਹਾ ਕਿ ਹਰ ਪਾਰਟੀ ਦੇ ਪ੍ਰਧਾਨ ਜਾਂ ਨਾਮਜ਼ਦ ਅਧਿਕਾਰੀ ਬੂਥ ਲੈਵਲ ਏਜੰਟ ਦੀ ਨਿਯੁਕਤੀ ਲਈ ਫਾਰਮ ਬੀ.ਐਲ.ਏ 2 ਭਰ ਕੇ ਜਮ੍ਹਾ ਕਰਵਾਉਣ । ਇਸ ਮੌਕੇ ਕਾਂਗਰਸ ਪਾਰਟੀ ਤੋਂ ਮੋਹਿੰਦਰ ਸਿੰਘ ਅਤੇ ਬੀ.ਜੇ.ਪੀ. ਤੋਂ ਦੇਵ ਪ੍ਰਕਾਸ਼ ਅਤੇ ਹੋਰ ਪਾਰਟੀਆਂ ਦੇ ਮੈਂਬਰ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.