
ਸਾਈਬਰ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿਚ ਛਾਪਾ ਮਾਰਨ ਗਈ ਐਨਰਫੋਰਸਮੈਂਟ ਡਾਇਰੈਕਟੋਰੇਟ ਟੀਮ ’ਤੇ ਹਮਲਾ
- by Jasbeer Singh
- November 29, 2024

ਸਾਈਬਰ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿਚ ਛਾਪਾ ਮਾਰਨ ਗਈ ਐਨਰਫੋਰਸਮੈਂਟ ਡਾਇਰੈਕਟੋਰੇਟ ਟੀਮ ’ਤੇ ਹਮਲਾ ਨਵੀਂ ਦਿੱਲੀ : ਸਾਈਬਰ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਤਹਿਤ ਦਿੱਲੀ ਵਿੱਚ ਫਾਰਮ ਹਾਊਸ ’ਤੇ ਛਾਪਾ ਮਾਰਨ ਗਈ ਕੇਂਦਰੀ ਜਾਂਚ ਏਜੰਸੀ ਐਨਰਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਟੀਮ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ, ਜਿਸ ’ਚ ਟੀਮ ਦਾ ਇੱਕ ਮੈਂਬਰ ਜ਼ਖਮੀ ਹੋ ਗਿਆ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਏਜੰਸੀ ਨੇ ਇਸ ਘਟਨਾ ਜਿਹੜੀ ਸੂਰਜ ਯਾਦਵ ਦੀ ਅਗਵਾਈ ਵਾਲੀ ਈ. ਡੀ. ਟੀਮ ਵੱਲੋਂ ਕੌਮੀ ਰਾਜਧਾਨੀ ਦੇ ਬਿਜਵਾਸਨ ਇਲਾਕੇ ’ਚ ਛਾਪੇ ਮਾਰਨ ਦੌਰਾਨ ਵਾਪਰੀ, ਸਬੰਧੀ ਐੱਫ. ਆਈ. ਆਰ. ਦਰਜ ਕਰਵਾਈ ਹੈ। ਅਧਿਕਾਰੀਆਂ ਮੁਤਾਬਕ ਘਟਨਾ ’ਚ ਜ਼ਖਮੀ ਹੋਇਆ ਈਡੀ ਅਧਿਕਾਰੀ ਮੁੱਢਲੀ ਸਹਾਇਤਾ ਲੈਣ ਮਗਰੋਂ ਤਲਾਸ਼ੀ ਮੁਹਿੰਮ ’ਚ ਜੁੱਟ ਗਿਆ। ਇਹ ਜਾਂਚ ਪੀ. ਵਾਈ. ਵਾਈ. ਪੀ. ਐੱਲ. ਐਪਲੀਕੇਸ਼ਨ (ਐਪ) ਖਿ਼ਲਾਫ਼ ਦਰਜ ਕੇਸ ਨਾਲ ਸਬੰਧਤ ਹੈ । ਦਿੱਲੀ ਪੁਲਸ ਨੇ ਇੱਕ ਬਿਆਨ ’ਚ ਦੱਸਿਆ ਕਿ ਬਿਜਵਾਸਨ ਇਲਾਕੇ ’ਚ ਈ. ਡੀ. ਟੀਮ ’ਤੇ ਹਮਲੇ ਦੀ ਸੂਚਨਾ ਮਿਲਣ ਮਗਰੋਂ ਕਪਾਸ਼ੇਰਾ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ । ਬਿਆਨ ਮੁਤਾਬਕ ਪੇਸ਼ੇ ਵਜੋਂ ਚਾਰਟਰਡ ਅਕਾਊਂਟੈਂਟ ਅਸ਼ੋਕ ਕੁਮਾਰ ਸ਼ਰਮਾ ਫਾਰਮ ਹਾਊਸ ਦਾ ਮਾਲਕ ਹੈ । ਈ. ਡੀ. ਟੀਮ ’ਤੇ ਹਮਲੇ ਦੇ ਸਬੰਧ ’ਚ ਅਸ਼ੋਕ ਦੇ ਰਿਸ਼ਤੇਦਾਰ ਯਸ਼ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਅਸ਼ੋਕ ਤੇ ਯਸ਼ ਈ. ਡੀ. ਟੀਮ ’ਤੇ ਕਥਿਤ ਹਮਲੇ ’ਚ ਸ਼ਾਮਲ ਸਨ । ਸੂਤਰਾਂ ਨੇ ਦੱਸਿਆ ਕਿ ਈਡੀ ਵੱਲੋਂ ਇਹ ਕਾਰਵਾਈ 14ਸੀ ਅਤੇ ਵਿੱਤੀ ਖੁਫ਼ੀਆ ਯੂਨਿਟ (ਐੱਫ. ਆਈ. ਯੂ.) ਤੋਂ ਫਿਸ਼ਿੰਗ (ਫਰਜ਼ੀ ਈਮੇਲ ਲਈ ਲੋਕਾਂ ਨੂੰ ਫਸਾਉਣਾ), ਕਿਊਆਰ ਕੋਡ ਧੋਖਾਧੜੀ ਅਤੇ ਪਾਰਟ ਟਾਈਮ ਨੌਕਰੀਆਂ ਦਾ ਲਾਲਚ ਦੇ ਕੇ ਧੋਖਾਧੜੀ ਵਰਗੇ ਸਾਈਬਰ ਅਪਰਾਧਾਂ ਰਾਹੀਂ ਕਈ ਲੋਕਾਂ ਨਾਲ ਧੋਖਾਧੜੀ ਦੀ ਜਾਣਕਾਰੀ ਮਿਲਣ ਮਗਰੋਂ ਸ਼ੁਰੂ ਕੀਤੀ ਗਈ ਹੈ। ਜਾਂਚ ’ਚ ਪਤਾ ਲੱਗਾ ਕਿ ਇਸ ਸਾਈਬਰ ਧੋਖਾਧੜੀ ਰਾਹੀਂ ਇਕੱਠੇ ਕੀਤੇ ਪੈਸਿਆਂ ਨੂੰ ਨਾਜਾਇਜ਼ ਖਾਤਿਆਂ ਰਾਹੀਂ ਡੈਬਿਟ ਤੇ ਕਰੈਡਿਟ ਕਾਰਡ ਦੀ ਵਰਤੋਂ ਕਰਕੇ ਕੱਢਿਆ ਜਾ ਰਿਹਾ ਸੀ । ਸੂਤਰਾਂ ਨੇ ਦਾਅਵਾ ਕੀਤਾ ਕਿ ਇਹ ਨੈੱਟਵਰਕ ਕੁਝ ਚਾਰਟਰਡ ਅਕਾਊਂਟੈਂਟਾਂ (ਸੀਏ) ਵੱਲੋਂ ਚਲਾਇਆ ਜਾ ਰਿਹਾ ਸੀ ।