ਕਿਸ਼ਤਵਾੜ `ਚ ਜ਼ਮੀਨ ਖਿਸਕਣ ਨਾਲ ਇਕ ਵਿਅਕਤੀ ਦੀ ਮੌਤ ਜੰਮੂ, 17 ਮਾਰਚ 2026 : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿ਼ਲੇ `ਚ ਪਣ-ਬਿਜਲੀ ਪ੍ਰਾਜੈਕਟ ਦੀ ਸਾਈਟ ਨੇੜੇ ਜ਼ਮੀਨ ਖਿਸਕਣ ਕਾਰਨ ਇਕ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਹੋ ਗਿਆ ਹੈ । ਮੀਂਹ ਪੈਣ ਕਾਰਨ ਖਿਸਕ ਗਈ ਸੀ ਜਮੀਨ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਪਏ ਮੀਂਹ ਕਾਰਨ ਕਿਸ਼ਤਵਾੜ ਜਿ਼ਲੇ ਦੇ ਡਾਂਗਦੁਰੂ ਨੇੜੇ ਇਕ ਪਣ-ਬਿਜਲੀ ਪ੍ਰਾਜੈਕਟ ਸਾਈਟ `ਤੇ ਜ਼ਮੀਨ ਖਿਸਕ ਗਈ, ਜਿਸ ਦੇ ਮਲਬੇ ਹੇਠ ਆ ਕੇ 2 ਮਜ਼ਦੂਰ ਦੱਬੇ ਗਏ । ਬਾਅਦ `ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਨੂੰ ਜ਼ਖਮੀ ਹਾਲਤ `ਚ ਬਾਹਰ ਕੱਢਿਆ ਗਿਆ ਤੇ ਤੁਰੰਤ ਹਸਪਤਾਲ ਲਿਜਾਇਆ ਗਿਆ । ਬਰਫ਼ਬਾਰੀ `ਚ ਫਸੇ 235 ਵਿਅਕਤੀ ਬਚਾਏ ਗਏ ਜਿ਼ਲੇ ਦੇ ਉਚਾਈ ਵਾਲੇ ਸਿੰਥਨ ਟੌਪ ਖੇਤਰ `ਚ ਭਾਰੀ ਬਰਫ਼ਬਾਰੀ ਦੌਰਾਨ ਫਸੇ 235 ਵਿਅਕਤੀ ਜਿਨ੍ਹਾਂ ` ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਅਧਿਕਾਰੀਆਂ ਅਨੁਸਾਰ ਖਰਾਬ ਮੌਸਮ ਕਾਰਨ ਸਾਵਧਾਨੀ ਵਜੋਂ ਕਿਸ਼ਤਵਾੜ ਤੇ ਨਾਲ ਲੱਗਦੇ ਡੋਡਾ ਜਿ਼ਲੇ `ਚ ਨਗਰਪਾਲਿਕਾ ਦੀਆਂ ਹੱਦਾਂ ਤੋਂ ਬਾਹਰ ਸਾਰੇ ਵਿਦਿਅਕ ਅਦਾਰੇ ਸੋਮਵਾਰ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ । 38 ਵਾਹਨਾਂ ਵਿਚ 235 ਵਿਅਕਤੀਆਂ ਨੂੰ ਪਹੰੁਚਾਇਆ ਸੁਰੱਖਿਅਤ ਥਾਵਾਂ ਤੇ ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਘਟਨਾ `ਚ ਪੁਲਸ, ਫੌਜ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਂਝੇ ਬਚਾਅ ਕਾਰਜ `ਚ ਸਿੰਥਨ ਟਾਪ `ਤੇ ਭਾਰੀ ਬਰਫ਼ਬਾਰੀ ਦਰਮਿਆਨ 38 ਵਾਹਨਾਂ `ਚ ਸਵਾਰ 235 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ ਗਿਆ। ਇਹ ਥਾਂ ਜੰਮੂ ਖੇਤਰ ਦੇ ਕਿਸ਼ਤਵਾੜ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਨਾਲ ਜੋੜਦੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਐੱਸ. ਐੱਸ. ਪੀ. ਨਰੇਸ਼ ਸਿੰਘ ਤੇ 11 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਨਾਲ ਮਿਲ ਕੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ ।
