 
                                              
                              ਸਕੂਲੀ ਵਾਹਨਾਂ ਦੀ ਵਿਆਪਕ ਚੈਕਿੰਗ ਬਣਾਈ ਜਾਵੇ ਯਕੀਨੀ: ਰਾਹੁਲ ਚਾਬਾ ਡਿਪਟੀ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਟਰੈਫਿਕ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਵੀ ਹਦਾਇਤ ਰੋਡ ਸੇਫਟੀ ਸਬੰਧੀ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਸੰਗਰੂਰ, 31 ਅਕਤੂਬਰ 2025 : ਜ਼ਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ, ਸ਼੍ਰੀ ਰਾਹੁਲ ਚਾਬਾ ਨੇ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤੇ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨੁਮਾਇੰਦਿਆਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਧ ਤੋਂ ਵਧ ਸਕੂਲੀ ਵਾਹਨਾਂ ਦੀ ਚੈਕਿੰਗ ਕਰਨ ਅਤੇ ਨਿਯਮਾਂ ਦੀ ਉਲੰਘਣਾ ਸਬੰਧੀ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ ਉਨ੍ਹਾਂ ਨੇ ਅਗਲੇ ਮਹੀਨੇ ਕੀਤੀ ਜਾਣ ਵਾਲੀ ਚੈਕਿੰਗ ਅਤੇ ਵੱਧ ਤੋਂ ਵੱਧ ਟਰੈਫਿਕ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਬਾਬਤ ਸ਼ਡਿਊਲ ਤਿਆਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ । ਇਹ ਵੀ ਹਦਾਇਤ ਕੀਤੀ ਗਈ ਕਿ ਸਾਰੇ ਸਕੂਲਾਂ ਦੇ ਵਾਹਨਾਂ ਅਤੇ ਉਹਨਾਂ ਦੇ ਚਾਲਕਾਂ ਦੇ ਵੇਰਵੇ ਆਰ. ਟੀ. ਓ. ਦਫਤਰ ਵੱਲੋਂ ਤਿਆਰ ਗੂਗਲ ਸ਼ੀਟ ਵਿੱਚ ਜਲਦ ਤੋਂ ਜਲਦ ਭਰੇ ਜਾਣੇ ਯਕੀਨੀ ਬਣਾਏ ਜਾਣ । ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਟਰੈਫਿਕ ਪੁਲੀਸ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਚਲਾਨ ਸਮੇਤ ਜੋ ਵੀ ਬਣਦੀ ਕਾਰਵਾਈ ਹੈ, ਉਹ ਅਮਲ ਵਿੱਚ ਲਿਆਂਦੀ ਜਾਵੇ । ਜਿਹੜੇ ਵੀ ਵਾਹਨ ਨਿਯਮਾਂ ਦੀ ਉਲੰਘਣਾ ਕਰ ਕੇ ਤਿਆਰ ਕੀਤੇ ਜਾਂਦੇ ਤੇ ਵਰਤੇ ਜਾ ਰਹੇ ਹੋਣ, ਉਨ੍ਹਾਂ ਸਬੰਧੀ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇ । ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚਲੀਆਂ ਸੜਕਾਂ ਸਬੰਧੀ ਬਲੈਕ ਸਪਾਟਸ ਦੀ ਰਿਪੋਰਟ ਪ੍ਰਤੀ ਸਬ ਡਵੀਜ਼ਨ ਤਿਆਰ ਕਰ ਕੇ ਇਹਨਾਂ ਸਪਾਟਸ ਨੂੰ ਠੀਕ ਕਰਨ ਦੀ ਕਾਰਵਾਈ ਫੌਰੀ ਅਮਲ ਵਿੱਚ ਲਿਆਂਦੀ ਜਾਵੇ । ਚਾਬਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਉੱਤੇ ਲੱਗਦੀਆਂ ਨਾਜਾਇਜ਼ ਰੇਹੜੀਆਂ ਫੜ੍ਹੀਆਂ ਨੂੰ ਵੀ ਹਟਾਇਆ ਜਾਵੇ ਤਾਂ ਜੋ ਟਰੈਫਿਕ ਸਬੰਧੀ ਦਿੱਕਤਾਂ ਨਾ ਆਉਣ । ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਈ-ਡਾਰ ਪੋਰਟਲ ਉੱਤੇ ਸਮਾਂਬੱਧ ਢੰਗ ਨਾਲ ਡੇਟਾ ਅਪਲੋਡ ਕਰਨ, ਸੜਕ ਹਾਦਸਿਆਂ ਦੇ ਪੀੜਤਾਂ ਨੂੰ ਕੈਸ਼ਲੈਸ ਟਰੀਟਮੈਂਟ ਸਕੀਮ 2025 ਤਹਿਤ ਸਹਾਇਤਾ ਮੁਹੱਈਆ ਕਰਵਾਉਣ, ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਤੁਰੰਤ ਇਲਾਜ ਲਈ ਪੁਚਾਉਣ ਲਈ ਐਂਬੂਲੈਂਸਾਂ ਦਾ ਢੁਕਵਾਂ ਪ੍ਰਬੰਧ ਯਕੀਨੀ ਬਨਾਉਣ ਅਤੇ ਹੈਲਪਲਾਈਨ ਨੰਬਰ ਜਨਤਕ ਥਾਵਾਂ 'ਤੇ ਡਿਸਪਲੇਅ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ । ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਹੁਣ ਤਕ ਕੀਤੀ ਕਰਵਾਈ ਦੀ ਸਮੀਖਿਆ ਵੀ ਕੀਤੀ ਗਈ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ । ਇਸ ਮੌਕੇ ਰਿਜਨਲ ਟਰਾਂਸਪੋਰਟ ਅਫ਼ਸਰ, ਸੰਗਰੂਰ, ਨਮਨ ਮੜਕਨ, ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ ਗੁਰਜੀਤ ਸਿੰਘ ਔਲਖ ਤੇ ਕਰਨਬੀਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                          
 
                      
                      
                      
                      
                     