July 6, 2024 01:48:27
post

Jasbeer Singh

(Chief Editor)

Patiala News

ਦਿਲਚਸਪੀ ਨਾਲ ਸਿੱਖੀ ਜਾ ਸਕਦੀ ਹੈ ਹਰ ਕਲਾ: ਪ੍ਰੋ. ਅਰਵਿੰਦ

post-img

ਦਿਲਚਸਪੀ ਨਾਲ਼ ਹਰ ਕਲਾ ਸਿੱਖੀ ਜਾ ਸਕਦੀ ਹੈ। ਅੱਜ ਦੇ ਸਮੇਂ ਵਿੱਚ ਹਰ ਕੋਈ ਮਨੁੱਖ ਜੇ ਦਿਲਚਸਪੀ ਲਵੇ ਤਾਂ ਫ਼ੋਟੋਗਰਾਫ਼ੀ ਦੀ ਕਲਾ ਸਿੱਖ ਸਕਦਾ ਹੈ। ਤਕਨਾਲੌਜੀ ਦੇ ਲਗਾਤਾਰ ਵਿਕਾਸ ਨੇ ਕਲਾ ਖੇਤਰ ਲਈ ਵੀ ਬਹੁਤ ਸਾਰੇ ਨਵੇਂ ਰਾਹ ਖੋਲ੍ਹ ਦਿੱਤੇ ਹਨ।’ ਇਹ ਗੱਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਸੋਭਾ ਸਿੰਘ ਫ਼ਾਈਨ ਆਰਟਸ ਅਤੇ ਮਿਊਜ਼ੀਅਮ ਤੇ ਆਰਟ ਗੈਲਰੀ ਵੱਲੋਂ ਲਗਾਈ ਜਾ ਰਹੀ ਫ਼ੋਟੋ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਕਹੀ। ਉਨ੍ਹਾਂ ਕਿਹਾ ਕਿ ਫ਼ੋਟੋਗਰਾਫ਼ੀ ਦੇ ਖੇਤਰ ਵਿੱਚ ਜਿੱਥੇ ਪਹਿਲਾਂ ਫ਼ੋਟੋ ਨੂੰ ਪ੍ਰਿੰਟ ਰੂਪ ਵਿੱਚ ਵਿਕਸਿਤ ਹੋਣ ਲਈ ਲੈਬਾਰਟਰੀ ਵਿੱਚ ਜਾਣਾ ਪੈਂਦਾ ਸੀ, ਉਸ ਦੀ ਬਜਾਏ ਹੁਣ ਨਵੀਂ ਕਿਸਮ ਦੇ ਕੈਮਰੇ ਆਉਣ ਨਾਲ ਇਸ ਖੇਤਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਜਸਕਰਨ ਸਿੰਘ ਅਤੇ ਰਣਜੋਧ ਸਿੰਘ ਵੱਲੋਂ ਖਿੱਚੀਆਂ ਫ਼ੋਟੋਆਂ ਦੀ ਇਸ ਪ੍ਰਦਰਸ਼ਨੀ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਤੋਂ ਜਿੱਥੇ ਇੱਕ ਪਾਸੇ ਪ੍ਰੇਰਨਾ ਮਿਲਦੀ ਹੈ ਅਤੇ ਦੂਜੇ ਪਾਸੇ ਵਿਦਿਆਰਥੀ ਮਾਹਿਰਾਂ ਦੇ ਕੰਮ ਨੂੰ ਵੇਖ ਕੇ ਆਪਣੇ ਹੁਨਰ ਨੂੰ ਨਿਖਾਰਨ ਲਈ ਬਹੁਤ ਸਾਰੇ ਨੁਕਤੇ ਵੀ ਸਿਖਦੇ ਹਨ।ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਕਿਹਾ ਕਿ ਅੱਜ-ਕੱਲ੍ਹ ਬੁੱਧੀ ਸੰਬੰਧੀ ਮਾਪ ਦੇ ਪੈਮਾਨੇ ਬਦਲ ਗਏ ਹਨ। ਕਲਾ ਜਾਂ ਹੁਨਰ ਦਾ ਸਤਿਕਾਰ ਵਧ ਗਿਆ ਹੈ। ਰਣਜੋਧ ਸਿੰਘ ਵੱਲੋਂ ਆਪਣੇ ਹੁਨਰ, ਸ਼ੌਕ, ਪ੍ਰੇਰਨਾ ਅਤੇ ਪ੍ਰਦਰਸ਼ਨੀ ਵਿੱਚ ਲੱਗੀਆਂ ਤਸਵੀਰਾਂ ਆਦਿ ਬਾਰੇ ਅਨੁਭਵ ਸਾਂਝਾ ਕਰਦਿਆਂ ਇੱਕ ਅਹਿਮ ਟਿੱਪਣੀ ਕੀਤੀ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਰਾਹਤ ਲੈਣ ਲਈ ਮਨੁੱਖ ਕਲਾ ਵੱਲ ਜਾਂਦਾ ਹੈ। ਵਿਭਾਗ ਮੁਖੀ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 30 ਅਪਰੈਲ ਤੱਕ ਜਾਰੀ ਰਹਿਣੀ ਹੈ। ਬਾਅਦ ਵਿੱਚ ਵੱਖਰੇ ਸੈਸ਼ਨ ਦੌਰਾਨ ਰਣਜੋਧ ਸਿੰਘ ਅਤੇ ਜਸਕਰਨ ਸਿੰਘ ਨੇ ਵਿਦਿਆਰਥੀਆਂ ਨਾਲ਼ ਫ਼ੋਟੋਗ੍ਰਾਫੀ ਦੇ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ।

Related Post