post

Jasbeer Singh

(Chief Editor)

Punjab, Haryana & Himachal

ਪੰਜਾਬ ਸਾਹਿਤ ਅਕਾਦਮੀ ਵੱਲੋਂ ਸੈਮੀਨਾਰ

post-img

ਪੰਜਾਬ ਸਾਹਿਤ ਅਕਾਦਮੀ ਵੱਲੋਂ ‘ਮਨੁੱਖ ਤੋਂ ਪਾਰ ਮਨੁੱਖਤਾ: ਉੱਤਰ ਮਾਨਵਵਾਦੀ ਸੰਦਰਭ ਵਿੱਚ’ ਵਿਸ਼ੇ ’ਤੇ ਸ਼ੁਰੂ ਹੋਏ ਦੋ ਰੋਜ਼ਾ ਸੈਮੀਨਾਰ ਦਾ ਪਹਿਲਾ ਦਿਨ ਇਸ ਵਿਸ਼ੇ ’ਤੇ ਹੋਈ ਗਹਿਰ ਗੰਭੀਰ ਚਰਚਾ ਨਾਲ ਸੰਪੰਨ ਹੋਇਆ। ਉਦਘਾਟਨੀ ਸ਼ੈਸ਼ਨ ਦਾ ਆਗਾਜ਼ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਅਕਾਦਮੀ ਦੇ ਜਨਰਲ ਸਕੱਤਰ ਡਾ. ਰਵੇਲ ਸਿੰਘ ਨੇ ਮਸ਼ੀਨੀ ਬੁੱਧੀਮਤਾ ਦੀ ਆਮਦ ਨਾਲ ਪੈਦਾ ਹੋਣ ਵਾਲੇ ਖਤਰਿਆਂ ਨੂੰ ਬਹੁਤ ਸਾਰੇ ਸੂਖਮ ਸਵਾਲਾਂ ਦੇ ਹਵਾਲੇ ਨਾਲ ਹਾਊਸ ਦੇ ਸਾਹਮਣੇ ਅਗਲੀ ਚਰਚਾ ਲਈ ਰੱਖਿਆ। ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਵਿਸ਼ਵ ਦੇ ਪ੍ਰਮੁੱਖ ਚਿੰਤਕਾਂ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਮਹਾਨ ਗ੍ਰੰਥ ਹੈ ਜੋ ਮਨੁੱਖੀ ਵਿਹਾਰ ਅਤੇ ਕਿਰਦਾਰ ਦੇ ਅਨੇਕ ਸਵਾਲਾਂ ਦੇ ਰੂਬਰੂ ਹੁੰਦਾ ਹੈ। ਮੁੱਖ ਬੁਲਾਰੇ ਅਮਰਜੀਤ ਗਰੇਵਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੀ ਸ਼ਕਤੀ ਹੈ, ਜਿਸ ਨਾਲ ਮਨੁੱਖੀ ਨੈਤਿਕਤਾ ਦਾ ਪ੍ਰਸ਼ਨ ਹੱਲ ਕਰਕੇ ਮਸ਼ੀਨੀ ਬੁੱਧੀਮਤਾ ਨੂੰ ਮਨੁੱਖੀ ਭਲੇ ਲਈ ਵਰਤਿਆ ਜਾ ਸਕਦਾ ਹੈ। ਪ੍ਰਧਾਨਗੀ ਭਾਸ਼ਨ ਦਿੰਦਿਆਂ ਪਦਮਸ੍ਰੀ ਸੁਰਜੀਤ ਪਾਤਰ ਨੇ ਮਿਰਜ਼ਾ ਗ਼ਾਲਿਬ, ਅਲਾਮਾ ਇਕਬਾਲ ਅਤੇ ਸਿੱਖ ਦਰਸ਼ਨ ਦੇ ਹਵਾਲੇ ਨਾਲ ਉੱਤਰ ਮਾਨਵਵਾਦ ’ਤੇ ਚਰਚਾ ਕੀਤੀ। ਇਸ ਸੈਸ਼ਨ ਦਾ ਧੰਨਵਾਦ ਪ੍ਰੋ. ਯੋਗਰਾਜ ਨੇ ਕੀਤਾ ਅਤੇ ਮੰਚ ਸੰਚਾਲਨ ਡਾ. ਪ੍ਰਵੀਨ ਕੁਮਾਰ ਨੇ ਕੀਤੀ।ਪ੍ਰੋ. ਰੇਣੁਕਾ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਦੂਜੇ ਸ਼ੈਸ਼ਨ ਵਿੱਚ ਪ੍ਰੋ. ਅਜੈ, ਪ੍ਰੋ. ਲੱਲਨ ਬਘੇਲ ਸਿੰਘ, ਡਾ. ਜੈਅੰਤੀ ਦੱਤਾ, ਰਿਸਰਚ ਸਕਾਲਰ ਸੁਖਮਨਪ੍ਰੀਤ ਕੌਰ ਨੇ ਆਪਣੀ ਗੱਲ ਰੱਖੀ। ਪ੍ਰੋ. ਪੁਸ਼ਪਿੰਦਰ ਸਿਆਲ ਦੀ ਪ੍ਰਧਾਨਗੀ ਹੇਠ ਹੋਏ ਤੀਜੇ ਅਤੇ ਆਖਰੀ ਸੈਸ਼ਨ ਵਿਚ ਪ੍ਰਸਿੱਧ ਚਿੰਤਕ ਕੁਮਾਰ ਸੁਸ਼ੀਲ ਨੇ ਗੰਭੀਰ ਵਿਚਾਰਾਂ ਕੀਤੀਆਂ। ਇਸ ਮੌਕੇ ਨਾਟਕਕਾਰ ਦਵਿੰਦਰ ਦਮਨ, ਡਾ. ਸਾਹਿਬ ਸਿੰਘ, ਡਾ. ਕੁਲਦੀਪ ਸਿੰਘ ਦੀਪ, ਬਲਕਾਰ ਸਿੱਧੂ, ਸਵਰਨਜੀਤ ਸਵੀ, ਡਾ. ਵਨੀਤਾ, ਸੁਰਜੀਤ ਸੁਮਨ, ਪ੍ਰੀਤਮ ਰੁਪਾਲ, ਜਗਦੀਪ ਸਿੱਧੂ ਅਤੇ ਦਿਲਬਾਗ ਸਿੰਘ ਹਾਜ਼ਰ ਸਨ।

Related Post