
ਫੈਡਰੇਸ਼ਨ ਜੈਵਲਿਨ ਥਰੋਅ ਕੱਪ: ਸਿੱਧੇ ਫਾਈਨਲਜ਼ ਵਿੱਚ ਖੇਡਣਗੇ ਚੋਪੜਾ ਅਤੇ ਜੇਨਾ
- by Aaksh News
- May 14, 2024

ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਅਤੇ ਕਿਸ਼ੋਰ ਜੇਨਾ ਨੂੰ ਇੱਥੇ 15 ਮਈ ਨੂੰ ਹੋਣ ਵਾਲੇ ਫੈਡਰੇਸ਼ਨ ਕੱਪ ਫਾਈਨਲਜ਼ (ਅੰਤਿਮ ਗੇੜ) ਵਿੱਚ ਸਿੱਧਾ ਦਾਖਲਾ ਦਿੱਤਾ ਗਿਆ ਹੈ। ਆਪਣੇ ਕਰੀਅਰ ਵਿੱਚ 75 ਮੀਟਰ ਦਾ ਘੱਟੋ-ਘੱਟ ਕੁਆਲੀਫਾਇੰਗ ਅੰਕੜਾ ਕਈ ਵਾਰ ਹਾਸਲ ਕਰਨ ਕਰਕੇ ਦੋਵਾਂ ਨੇ ਸਿੱਧੇ ਫਾਈਨਲਜ਼ ਵਿੱਚ ਥਾਂ ਬਣਾਈ ਹੈ। ਓਲੰਪਿਕ ਅਤੇ ਵਿਸ਼ਵ ਚੈਂਪੀਅਨ ਚੋਪੜਾ ਪਿਛਲੇ ਹਫਤੇ ਦੋਹਾ ਡਾਇਮੰਡ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਇੱਥੇ ਪਹੁੰਚਿਆ ਹੈ। ਦੋਹਾ ਵਿੱਚ ਉਹ 88.38 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਿਹਾ ਸੀ। ਹਾਲਾਂਕਿ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਜੇਨਾ ਦੀ ਡਾਇਮੰਡ ਲੀਗ ਨਿਰਾਸ਼ਾਜਨਕ ਰਹੀ। ਉਹ 76.31 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਤਿੰਨ ਗੇੜਾਂ ਤੋਂ ਬਾਅਦ ਬਾਹਰ ਹੋ ਗਿਆ ਸੀ। ਵਿਸ਼ਵ ਚੈਂਪੀਅਨਸ਼ਿਪ 2023 ’ਚ ਛੇਵੇਂ ਸਥਾਨ ’ਤੇ ਰਹੇ ਡੀਪੀ ਮਨੂ ਦੀ ਨਜ਼ਰ 85.50 ਮੀਟਰ ਪਾਰ ਕਰ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ’ਤੇ ਹੋਵੇਗੀ। ਉਸ ਨੇ ਵੀ ਸਿੱਧੀ ਫਾਈਨਲਜ਼ ਵਿੱਚ ਥਾਂ ਬਣਾਈ ਹੈ।